Vaughan: ਸਰਕਾਰ ਨਾਲ ਹਾਊਸਿੰਗ ਐਕਸੀਲਰੇਟਰ ਫ਼ੰਡ ਤਹਿਤ ਇਕਰਾਰਨਾਮਾ ਕਰਨ ਵਾਲਾ ਦੂਸਰਾ ਸ਼ਹਿਰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਨਟੇਰਿਓ ਦੇ ਵੌਨ ਸ਼ਹਿਰ ਵਿਚ ਹਾਊਸਿੰਗ ਨਿਰਮਾਣ ਲਈ ਸਿਟੀ ਸਰਕਾਰ ਨਾਲ $59 ਮਿਲੀਅਨ ਦੀ ਫ਼ੰਡਿੰਗ ਦਾ ਇਕਰਾਰਨਾਮਾ ਕੀਤਾ ਹੈ। ਇਹ ਫ਼ੰਡਿੰਗ ਹਾਊਸਿੰਗ ਐਕਸੀਲਰੇਟਰ ਫ਼ੰਡ ਦੇ ਤਹਿਤ ਕੀਤੀ ਜਾਵੇਗੀ ਅਤੇ ਇਸ ਸਮਝੌਤੇ ਤਹਿਤ ਅਗਲੇ ਤਿੰਨ ਤੋਂ ਦਸ ਸਾਲ ਦੇ ਦਰਮਿਆਨ ਹਜ਼ਾਰਾਂ ਰਿਹਾਇਸ਼ੀ ਯੂਨਿਟ ਬਣਾਏ ਜਾਣਗੇ। ਹਾਊਸਿੰਗ ਐਕਸੀਲਰੇਟਰ ਫ਼ੰਡ ਤਹਿਤ ਸਰਕਾਰ ਨਾਲ ਇਕਰਾਰਨਾਮਾ ਕਰਨ ਵਾਲਾ ਵੌਨ ਕੈਨੇਡਾ ਦਾ ਦੂਸਰਾ ਸ਼ਹਿਰ ਹੈ। ਪਿਛਲੇ ਮਹੀਨੇ ਓਨਟੇਰਿਓ ਦੇ ਲੰਡਨ ਸ਼ਹਿਰ ਨੇ ਵੀ ਇਸ ਫ਼ੰਡ ਤਹਿਤ ਲਿਬਰਲ ਸਰਕਾਰ ਨਾਲ ਇਕਰਾਰਨਾਮਾ ਕੀਤਾ ਸੀ। ਇੱਕ ਮੀਡੀਆ ਬਿਆਨ ਦੇ ਅਨੁਸਾਰ ,ਇਹ ਫੰਡਿੰਗ ਅਗਲੇ ਤਿੰਨ ਸਾਲਾਂ ਵਿੱਚ 1,700 ਤੋਂ ਵੱਧ ਨਵੇਂ ਹਾਊਸਿੰਗ ਯੂਨਿਟਾਂ ਦਾ ਤੇਜ਼ੀ ਨਾਲ ਨਿਰਮਾਣ ਕਰੇਗੀ ਅਤੇ ਅਗਲੇ ਦਸ ਸਾਲਾਂ ਵਿੱਚ 40,000 ਤੋਂ ਵੱਧ ਘਰਾਂ ਦੇ ਨਿਰਮਾਣ ਵਿੱਚ ਮਦਦ ਕਰੇਗੀ।
ਟਰੂਡੋ ਨੇ ਕਿਹਾ ਕਿ ਇਹ ਸਮਝੌਤਾ ਪਬਲਿਕ ਟ੍ਰਾਂਜ਼ਿਟ ਦੇ ਨੇੜੇ ਉੱਚ-ਘਣਤਾ ਵਾਲੇ ਘਰਾਂ ਦੇ ਨਿਰਮਾਣ ਦੀ ਇਜਾਜ਼ਤ ਦੇਵੇਗਾ, ਜਿਸ ਵਿੱਚ GO ਰੇਲ ਅਤੇ ਸਬਵੇਅ ਸਟੇਸ਼ਨ ਦੋਵੇਂ ਸ਼ਾਮਲ ਹਨ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸਮਝੌਤਾ ਅਪਾਰਟਮੈਂਟਾਂ ਅਤੇ ਕਿਫਾਇਤੀ ਰਿਹਾਇਸ਼ਾਂ ਦੇ ਨਿਰਮਾਣ ਨੂੰ ਵੀ ਤਰਜੀਹ ਦੇਵੇਗਾ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਪੁਰਾਣੀ ਪਰਮਿਟ ਪ੍ਰਣਾਲੀਆਂ ਨੂੰ ਵੀ ਦੁਰੁਸਤ ਕਰੇਗਾ। ਹਾਊਸਿੰਗ ਐਕਸੀਲਰੇਟਰ ਫੰਡ, ਜੋ ਪਹਿਲੀ ਵਾਰ 2021 ਦੀ ਚੋਣ ਮੁਹਿੰਮ ਦੌਰਾਨ ਐਲਾਨਿਆ ਗਿਆ ਸੀ, ਅਤੇ 2022 ਦੇ ਫੈਡਰਲ ਬਜਟ ਵਿੱਚ ਪੇਸ਼ ਕੀਤਾ ਗਿਆ ਸੀ, ਤਹਿਤ ਸ਼ਹਿਰਾਂ ਵਿੱਚ ਹੋਰ ਘਰ ਬਣਾਉਣ ਲਈ 2026-27 ਤੱਕ 4 ਬਿਲੀਅਨ ਦੀ ਫ਼ੰਡਿੰਗ ਦੀ ਵਿਵਸਥਾ ਹੈ।