ਕੁੜੀਆਂ ਨਾਲ਼ ਕਾਣੀ ਵੰਡ ਅਤੇ ਸਵਰਗ ਦੀ ਭਾਲ਼
(ਸਤਪਾਲ ਸਿੰਘ ਜੌਹਲ)-ਇੰਗਲੈਂਡ ਵਿੱਚ ਇਕ ਪੰਜਾਬੀ ਬਜੁਰਗ (ਕੱਪੜਿਆਂ ਦਾ ਦੁਕਾਨਦਾਰ) ਆਪਣੀ ਪਤਨੀ ਅਤੇ 4 ਧੀਆਂ ਨੂੰ ਅਣਦੇਖਾ ਕਰਕੇ ਸਾਰੀ ਜਾਇਦਾਦ (ਲੱਗਭੱਗ 10 ਕਰੋੜ ਰੁਪਏ) ਦੀ ਵਸੀਅਤ ਆਪਣੇ 2 ਮੁੰਡਿਆਂ ਦੇ ਨਾਮ ਕਰਕੇ 2021 `ਚ ਮਰਿਆ ਸੀ। 2005 `ਚ ਕੀਤੀ ਗਈ ਵਸੀਅਤ ਨੂੰ ਬੀਤੇ ਦਿਨ ਲੰਡਨ ਵਿਖੇ ਅਦਾਲਤ ਦੇ ਜੱਜ ਨੇ ਕੈਂਸਲ ਕੀਤਾ ਅਤੇ ਅੱਧੀ ਜਾਇਦਾਦ ਮ੍ਰਿਤਕ ਕਰਨੈਲ ਸਿੰਘ ਦੀ ਪਤਨੀ ਹਰਬੰਸ ਕੌਰ (83) ਨੂੰ ਦੇਣ ਦਾ ਹੁਕਮ ਦਿੱਤਾ ਹੈ। ਦੋਵਾਂ ਦਾ ਵਿਆਹ 1955 `ਚ ਹੋਇਆ ਸੀ ਤੇ 66 ਸਾਲ ਦੇ ਵਿਆਹੁਤਾ ਸਾਥ ਤੋਂ ਬਾਅਦ ਬਜੁਰਗ ਕਰਨੈਲ ਸਿੰਘ ਆਪਣੀ ਪਤਨੀ ਅਤੇ ਕੁੜੀਆਂ ਨਾਲ਼ ਵਿਤਕਰਾ ਕਰਦਿਆਂ ਮੁੰਡਿਆਂ (ਪੁੱਤਰਾਂ) ਨੂੰ ਸਭ ਕੁਝ ਦੇ ਕੇ ਮਰਨ ਦੀ (ਦੇਸੀ ਦਿਮਾਗੀ ਬਿਮਾਰੀ) ਵਾਲ਼ੀ ਰਸਮ ਨਿਭਾਅ ਗਿਆ, ਉਹ ਵੀ ਸੁਪਨਿਆਂ ਦੇ ਤੇ ਕਾਨੂੰਨ ਦੇ ਰਾਜ ਵਾਲ਼ੇ ਦੇਸ਼ ਇੰਗਲੈਂਡ ਵਿੱਚ। ਕਮਾਲ ਦੀ ਗੱਲ ਤਾਂ ਇਹ ਹੈ ਕਿ ਸਭ ਕੁਝ ਸਮੇਟ ਕੇ, ਪੰਜਾਬ ਵਾਸੀ ‘ਭਰਾਵਾਂ’ ਦੀ ਗੱਲ ਜੇ ਛੱਡ ਵੀ ਦਈਏ ਤਾਂ, ਇੰਗਲੈਂਡੀਏ ਮੁੰਡਿਆਂ ਦੀ ਜਮੀਰ/ਅਣਖ/ਜੁਅਰਤ ਵੀ ਨਹੀਂ ਜਾਗੀ ਕਿ ਆਪਣੇ ਆਪ ਹੀ ਮਾਂ ਤੇ ਭੈਣਾਂ ਦਾ ਬਣਦਾ ਹੱਕ ਦੇ ਦਿੰਦੇ। ਮਾਂ ਤੇ ਭੈਣਾਂ ਨੂੰ ਅਦਾਲਤ ਰਾਹੀਂ ਲੈਣਾ ਪਿਆ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਵੀ ਲਿੱਟ ਪਰਿਵਾਰ ਦਾ ਕੇਸ 2019 `ਚ ਚਰਚਾ ਵਿੱਚ ਆਇਆ ਸੀ ਜਿਸ ਵਿੱਚ ਬਜੁਰਗ 9 ਮਿਲੀਅਨ ਡਾਲਰਾਂ ਦੀ ਜਾਇਦਾਦ ਦਾ 93 ਫੀਸਦ ਆਪਣੇ ਦੋ ਮੁੰਡਿਆਂ ਦੇ 7 ਫੀਸਦ ਆਪਣੀਆਂ 4 ਪੁੱਤਰੀਆਂ ਦੇ ਨਾਮ ਕਰਕੇ ਮਰਿਆ ਸੀ। ਇਸ ਕੇਸ ਵਿੱਚ ਕਮਾਲ ਦਾ ਜਿਕਰ ਇਹ ਵੀ ਸੀ ਉਹ ਬਜੁਰਗ ਮਾਪੇ ਸੇਵਾ-ਸੰਭਾਲ਼ ਧੀਆਂ ਤੋਂ ਕਰਵਾਉਂਦੇ ਰਹੇ ਤੇ ਮਾਲਮੱਤਾ ਮੁੰਡਿਆਂ ਦੇ ਨਾਮ ਕਰ ਗਏ। ਲਿੱਟਾਂ ਦੀ ਉਹ ਦੇਸੀ ਤਰੀਕੇ ਦੀ ਵਸੀਅਤ ਵੀ ਜੱਜ ਨੇ ਵਗਾਹ ਕੇ ਸੁੱਟੀ ਸੀ ਤੇ ਧੀਆਂ ਨੂੰ ਬਰਾਬਰ ਦਾ ਹੱਕ ਮਿਲਿਆ ਸੀ। ਸਾਡੇ ਅਜਿਹੇ ਚਾੜ੍ਹੇ ਹੋਏ ਚੰਦ ਦੱਸਦੇ ਹਨ ਕੈਨੇਡਾ-ਇੰਗਲੈਂਡ ਜਹੇ ਮਨਪਸੰਦ ਦੇਸ਼ਾਂ ਵਿੱਚ ਵੀ ਸਾਡਾ ਸਿਰ ਅੰਦਰਲੇ ਪਾਸਿਓਂ ਕਿਵੇਂ ਮੁੰਡਿਆਂ ਤੇ ਕੁੜਿਆਂ ਨਾਲ਼ ਵਿਤਕਰਾ ਕਰੀ ਜਾਣ ਦੀ ਬਿਮਾਰੀ ਨਾਲ਼ ਜਕੜਿਆ ਰਹਿੰਦਾ ਹੈ। ਜੱਗੋਂ ਤੇਹਰਵੀਂ ਗੱਲ ਇਹ ਵੀ ਹੈ ਕਿ ਧੀਆਂ ਨਾਲ਼ ਕਾਣੀ ਵੰਡ ਕਰਕੇ ਮਰਨ ਵਾਲ਼ੇ ਵਿਅਕਤੀ ਨੂੰ ਆਪਣੀ ਆਤਮਾ ਦੀ ਸ਼ਾਂਤੀ ਅਤੇ ਸਵਰਗ ਦੀ ਆਸ ਵੀ ਰਿਹਾ ਕਰਦੀ ਹੈ। ਸਾਡਾ ਵਿਚਾਰ ਹੈ ਕਿ ਕਾਣੀ ਵੰਡ ਅਤੇ ਸਵਰਗ ਦਾ ਕੋਈ ਸਾਥ ਨਹੀਂ ਹੈ। ਆਪਣੀਆਂ ਧੀਆਂ ਅਤੇ ਪੁੱਤਾਂ ਨੂੰ ਬਰਾਬਰ ਦੇ ਹੱਕ ਦੇਣ ਤੋਂ ਬਿਨਾ ਮਰਨ ਵਾਲ਼ੇ ਮਾਂ ਤੇ ਬਾਪ ਦੇ ਸਵਰਗ ਦਾ ਰਾਹ ਪੱਧਰਾ ਨਹੀਂ ਹੋ ਸਕਦਾ। ਇਹ ਵੀ ਯਾਦ ਰਹੇ ਕਿ ਭੈਣਾਂ ਦੇ ਹੱਕ (ਜਮੀਨਾਂ, ਕੈਸ਼, ਘਰ ਵਗੈਰਾ) ਦੱਬ ਕੇ ਦੜਵੱਟ ਚੁੱਪ ਰਹਿਣ ਵਾਲ਼ੇ ਭਰਾਵਾਂ ਨੂੰ ਵੀ ਸ਼ਾਇਦ ਹੀ ਸਵਰਗ ਵਿੱਚ ਜਗ੍ਹਾ ਮਿਲ਼ਦੀ ਹੋਵੇ। ਮੰਨੇ ਤੇ ਭਾਵੇਂ ਕੋਈ ਨਾ ਮੰਨੇ।