GTA News Media

Top Info Bar
22.1°C Toronto Loading date...
Canada Entertainment Featured

TikTok ਐਪ ਅੱਜ, 28 ਫਰਵਰੀ ਨੂੰ ਫ਼ੈਡਰਲ ਸਰਕਾਰ ਵੱਲੋਂ ਜਾਰੀ ਮੋਬਾਈਲਫ਼ੋਨਾਂ ਤੋਂ ਹੋਵੇਗੀ ਡਿਲੀਟ ਅਤੇ ਬਲੌਕ

TikTok ਐਪ ਅੱਜ, 28 ਫਰਵਰੀ ਨੂੰ ਫ਼ੈਡਰਲ ਸਰਕਾਰ ਵੱਲੋਂ ਜਾਰੀ ਮੋਬਾਈਲਫ਼ੋਨਾਂ ਤੋਂ ਹੋਵੇਗੀ ਡਿਲੀਟ ਅਤੇ ਬਲੌਕ
Share this post via:

ਟਿਕਟੌਕ ਐਪ ਨੂੰ 28 ਫਰਵਰੀ ਨੂੰ ਸਰਕਾਰ ਦੁਆਰਾ ਜਾਰੀ ਸਾਰੇ ਮੋਬਾਈਲ ਡਿਵਾਈਸਾਂ ਤੋਂ ਡਿਲੀਟ ਅਤੇ ਬਲੌਕ ਕਰ ਦਿੱਤਾ ਜਾਵੇਗਾ। ਫ਼ੈਡਰਲ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਸਾਰੇ ਫ਼ੈਡਰਲ ਸਰਕਾਰੀ ਡਿਵਾਈਸਾਂ ਤੋਂ ਵੀਡੀਓ-ਸ਼ੇਅਰਿੰਗ ਪਲੈਟਫ਼ਾਰਮ TikTok ਨੂੰ ਹਟਾਉਣ ਅਤੇ ਬਲੌਕ ਕਰਨ ਦਾ ਫ਼ੈਸਲਾ ਲਿਆ ਹੈ। ਸੋਮਵਾਰ ਨੂੰ ਗਲੋਬਲ ਅਫੇਅਰਜ਼ ਦੇ ਮੁਲਾਜ਼ਮਾਂ ਨੂੰ ਭੇਜੀ ਗਈ ਇੱਕ ਈਮੇਲ ਵਿੱਚ, ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਦੇ ਮੁੱਖ ਸੂਚਨਾ ਅਧਿਕਾਰੀ ਨੇ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਈਮੇਲ ਅਨੁਸਾਰ ਸਮੀਖਿਆ ਵਿੱਚ ਪਾਇਆ ਗਿਆ ਕਿ ਟਿਕਟੌਕ ਦੇ ਡਾਟਾ ਇਕੱਠਾ ਕਰਨ ਦੇ ਤਰੀਕੇ ਸਾਈਬਰ ਹਮਲੇ ਦਾ ਕਾਰਨ ਬਣ ਸਕਦੇ ਹਨ।

ਨੈਸ਼ਨਲ ਪੋਸਟ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਨਸ਼ਰ ਕੀਤੀ ਸੀ। ਈਮੇਲ ਵਿਚ ਲਿਖਿਆ ਹੈ, ਕੈਨੇਡਾ ਸਰਕਾਰ ਸਾਈਬਰ ਖ਼ਤਰਿਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਕੇ ਸਾਡੇ ਨੈੱਟਵਰਕਾਂ ਦੀ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰਦੀ ਹੈ, ਜਿਨ੍ਹਾਂ ਵਿਚ ਸੋਸ਼ਲ ਮੀਡੀਆ ਪਲੈਟਫ਼ਾਰਮ ਵੀ ਸ਼ਾਮਲ ਹਨ। ਸਰਕਾਰ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ ਅਤੇ ਸਾਡੇ ਸਿਸਟਮਾਂ ਅਤੇ ਨੈੱਟਵਰਕਾਂ ‘ਤੇ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਪਾਰਟਨਰਜ਼ ਨਾਲ ਕੰਮ ਕਰੇਗੀ। ਟਿਕਟੌਕ ਛੋਟੇ ਵੀਡੀਓਜ਼ ਨੂੰ ਸਾਂਝਾ ਕਰਨ ਦਾ ਇੱਕ ਸੋਸ਼ਲ ਮੀਡੀਆ ਪਲੈਟਫ਼ਾਰਮ ਹੈ। ਬੀਜਿੰਗ ਅਧਾਰਤ ਬਾਈਟਡਾਂਸ ਕੰਪਨੀ ਇਸ ਪਲੈਟਫ਼ਾਰਮ ਦੀ ਮਾਲਕ ਹੈ। ਪਿਛਲੇ ਹਫਤੇ, ਕੈਨੇਡਾ ਦੇ ਫ਼ੈਡਰਲ ਗੋਪਨੀਯਤਾ ਰੈਗੂਲੇਟਰ ਨੇ ਆਪਣੇ ਤਿੰਨ ਸੂਬਾਈ ਹਮਰੁਤਬਾ ਅਧਿਕਾਰੀਆਂ ਦੇ ਨਾਲ, ਟਿਕਟੌਕ ਵੱਲੋਂ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ, ਸਾਂਝਾ ਕਰਨ ਅਤੇ ਇਸਦੇ ਇਸਤੇਮਾਲ ਕਰਨ ਦੀ ਇੱਕ ਸਾਂਝੀ ਜਾਂਚ ਸ਼ੁਰੂ ਕੀਤੀ ਸੀ।

ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਫ਼ੋਰਟੀਏ ਨੇ ਇੱਕ ਬਿਆਨ ਵਿਚ ਕਿਹਾ ਕਿ ਮੁੱਖ ਸੂਚਨਾ ਅਧਿਕਾਰੀ ਨੇ ਆਪਣੀ ਜਾਂਚ ਵਿਚ ਪਾਇਆ ਹੈ ਕਿ ਇਹ ਐਪ, ਗੋਪਨੀਯਤਾ ਅਤੇ ਸੁਰੱਖਿਆ ਲਈ ਅਸਵੀਕਾਰਨਯੋਗ ਪੱਧਰ ਦਾ ਜੋਖਮ ਪੈਦਾ ਕਰਦੀ ਹੈ। ਮੋਨਾ ਨੇ ਕਿਹਾ, ਮੋਬਾਈਲ ਡਿਵਾਈਸ ‘ਤੇ, TikTok ਦੇ ਡਾਟਾ ਇਕੱਠਾ ਕਰਨ ਦੇ ਤਰੀਕੇ ਫ਼ੋਨ ਦੇ ਹੋਰ ਹਿੱਸਿਆਂ ਤੱਕ ਕਾਫ਼ੀ ਪਹੁੰਚ ਪ੍ਰਦਾਨ ਕਰਦੇ ਹਨ। ਉਹਨਾਂ ਕਿਹਾ ਕਿ ਭਾਵੇਂ ਇਸ ਐਪਲੀਕੇਸ਼ਨ ਦੀ ਵਰਤੋਂ ਦੇ ਜੋਖਮ ਸਪੱਸ਼ਟ ਹਨ, ਪਰ ਫ਼ਿਲਹਾਲ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਸਰਕਾਰੀ ਜਾਣਕਾਰੀ ਲੀਕ ਹੋਈ ਹੋਵੇ। ਉਹਨਾਂ ਕਿਹਾ ਕਿ ਕੈਨੇਡਾ ਨੇ ਵੀ ਹੋਰ ਬਹੁਤ ਸਾਰੀਆਂ ਸਰਕਾਰਾਂ ਵਾਂਗ ਹੀ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਪਿਛਲੇ ਸਾਲ ਕਿਹਾ ਸੀ ਕਿ ਕੈਨੇਡਾ ਦੀ ਖ਼ੂਫ਼ੀਆ ਏਜੰਸੀ ਟਿਕਟੌਕ ‘ਤੇ ਬਹੁਤ ਨੇੜਿਓਂ ਨਜ਼ਰ ਰੱਖੇ ਹੋਏ ਹੈ। ਟਿਕਟੌਕ ਦੇ ਇੱਕ ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਇਸ ਐਲਾਨ ਤੋਂ ਪਹਿਲਾਂ ਕੰਪਨੀ ਨੂੰ ਇਸ ਫ਼ੈਸਲੇ ਬਾਰੇ ਸੂਚਿਤ ਨਹੀਂ ਕੀਤਾ ਸੀ।ਬੁਲਾਰੇ ਨੇ ਕਿਹਾ, ਅਸੀਂ ਨਿਰਾਸ਼ ਹਾਂ ਕਿ ਕੈਨੇਡਾ ਦੇ ਮੁੱਖ ਸੂਚਨਾ ਅਧਿਕਾਰੀ ਨੇ ਟਿਕਟੌਕ ਬਾਰੇ ਕਿਸੇ ਖ਼ਾਸ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤੇ ਬਿਨਾਂ ਜਾਂ ਇਹ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਵੀ ਚਿੰਤਾ ‘ਤੇ ਚਰਚਾ ਕਰਨ ਲਈ ਸਾਡੇ ਨਾਲ ਸੰਪਰਕ ਕੀਤੇ ਬਿਨਾਂ, ਸਰਕਾਰੀ ਮੋਬਾਈਲ ਡਿਵਾਈਸਾਂ ‘ਤੇ ਟਿਕਟੌਕ ਨੂੰ ਬਲੌਕ ਕਰਨ ਦਾ ਫ਼ੈਸਲਾ ਲਿਆ ਹੈ।

(ਸੀਬੀਸੀ ਨਿਊਜ਼)