ਜੇਲ੍ਹ ‘ਚ ਬਿਸ਼ਨੋਈ ਨਾਲ ਹੋਈ ਇੰਟਰਵਿਊ ਮਾਮਲੇ ‘ਚ DGP ਗੌਰਵ ਯਾਦਵ ਨੇ ਕੀਤੇ ਵੱਡੇ ਖੁਲਾਸੇ
ਜੇਲ੍ਹ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਮਾਮਲੇ ਵਿਚ ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ ਗੌਰਵ ਯਾਦਵ ਨੇ ਵੱਡਾ ਖੁਲਾਸਾ ਕੀਤਾ ਹੈ। ਡੀ.ਜੀ.ਪੀ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਬਠਿੰਡਾ ਹੀ ਨਹੀਂ ਸਗੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਇੰਟਰਵਿਊ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਕ ਹਾਈ ਸਕਿਓਰਿਟੀ ਜੇਲ੍ਹ ਬਠਿੰਡਾ ਜੇਲ੍ਹ ਵਿਚ ਕੋਈ ਫੋਨ ਨਹੀਂ ਚੱਲਦਾ। ਉਥੇ ਪੰਜਾਬ ਪੁਲਿਸ ਦੇ ਨਾਲ ਨਾਲ CRPF ਦਾ ਵੀ ਪਹਿਰਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇੰਟਰਵਿਊ ਦੌਰਾਨ ਲਾਰੈਂਸ ਬਿਸ਼ਨੋਈ ਦੀ ਦਾੜੀ ਵਧੀ ਹੋਈ ਹੈ ਜਦਕਿ ਪੰਜਾਬ ਦੀ ਜੇਲ੍ਹ ਵਿਚ ਬੰਦ ਦੌਰਾਨ ਉਸਦੀ ਦਾੜੀ ਕੱਟੀ ਹੋਈ ਤੇ ਛੋਟੀ ਹੈ।
ਬਿਸ਼ਨੋਈ ਨੇ ਸੁਪਰੀਮ ਕੋਰਟ ਵਿਚ ਮੁਕਾਬਲੇ ਦਾ ਡਰ ਦਰਸਾਉਂਦਿਆਂ ਪੰਜਾਬ ਪੁਲਿਸ ਨੂੰ ਪ੍ਰੋਕਡਸ਼ਨ ਵਾਰੰਟ ਦੇਣ ਦਾ ਵਿਰੋਧ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਲਤ ਵੀਡੀਓ ਦਿਖਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸ਼ਕਤੀਆਂ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵਿਚ ਹਨ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜਸਥਾਨ ਪੁਲਿਸ ਨੇ 8 ਮਾਰਚ ਨੂੰ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਵਿਚ ਬੰਦ ਕਰਵਾਇਆ ਸੀ। ਉਸ ਤੋਂ ਬਾਅਦ ਦੇ ਉਸ ਦੇ 14 ਮਾਰਚ ਤਕ ਦੇ ਹੁਲੀਏ ਨੂੰ ਦੇਖ ਕੇ ਲਗਦਾ ਹੈ ਕਿ ਇੰਟਰਵਿਊ ਪੁਰਾਣਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋ ਬਾਅਦ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਬਿਸ਼ਨੋਈ ਨੂੰ ਹਿਰਾਸਤ ਵਿਚ ਲਿਆ ਸੀ ਕਿਉਂਕਿ ਲਾਰੈਂਸ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਅਪਰਾਧ ਪੰਜਾਬ ਵਿਚ ਹੋਵੇ ਪਰ ਉਹ ਕਦੇ ਪੰਜਾਬ ਪੁਲਿਸ ਦੀ ਗ੍ਰਿਫਤ ਵਿਚ ਨਾ ਆਵੇ।
ਡੀਜੀਪੀ ਨੇ ਇੰਟਰਵਿਊ ਕਿੱਥੇ ਹੋਈ ਇਸ ਬਾਰੇ ਬਿਸ਼ਨੋਈ ਤੋਂ ਪੁੱਛਿਆ ਜਾਵੇਗਾ ਜਾਂ ਨਹੀਂ ਦੇ ਜਵਾਬ ਵਿਚ ਕਿਹਾ ਕਿ ਕਾਨੂੰਨੀ ਨੁਕਤੇ ਸਾਂਝੇ ਨਹੀਂ ਕੀਤੇ ਜਾ ਸਕਦੇ। ਪੰਜਾਬ ਪੁਲਿਸ ਹਰ ਸਮੱਸਿਆ ਨਾਲ ਲੜਨ ਲਈ ਮਜਬੂਤ ਹੈ। ਪੰਜਾਬ ਤੇ ਪੰਜਾਬ ਪੁਲਿਸ ਨੂੰ ਜਾਣਬੁੱਝ ਕੇ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।