ਪੇਟ ਦਰਦ ਤੋਂ ਰਾਹਤ ਪਾਉਣ ਲਈ ਦੇਸੀ ਨੁਸਖ਼ੇ
ਗਲਤ ਖਾਣ-ਪੀਣ ਤੇ ਬਾਹਰ ਦਾ ਖਾਣਾ ਖਾਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਮੌਸਮ ’ਚ ਬਦਲਾਅ ਕਾਰਨ ਇਮਿਊਨਿਟੀ ਘੱਟ ਜਾਂਦੀ ਹੈ, ਜਿਸ ਕਾਰਨ ਛੋਟੀਆਂ-ਮੋਟੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ, ਜਿਸ ’ਚ ਪੇਟ ਦਰਦ ਹੋਣਾ ਆਮ ਗੱਲ ਹੈ। ਜੇਕਰ ਪੇਟ ਦਰਦ ਅਚਾਨਕ ਸ਼ੁਰੂ ਹੋ ਜਾਵੇ ਤਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
ਮੇਥੀ ਦੇ ਬੀਜ
ਪੇਟ ਦਰਦ ਨੂੰ ਘੱਟ ਕਰਨ ਲਈ ਮੇਥੀ ਦੇ ਬੀਜ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਤਸੀਰ ’ਚ ਗਰਮ ਹਨ ਤੇ ਇਸ ਨੂੰ ਘੱਟ ਮਾਤਰਾ ’ਚ ਲੈਣ ਨਾਲ ਆਰਾਮ ਮਿਲਦਾ ਹੈ। ਇਕ ਛੋਟਾ ਚਮਚਾ ਮੇਥੀ ਦਾਣਾ ਭੁੰਨ ਕੇ ਗਰਮ ਪਾਣੀ ਨਾਲ ਖਾਓ, ਇਸ ਨਾਲ ਪੇਟ ਦੀ ਗੈਸ ਤੋਂ ਰਾਹਤ ਮਿਲੇਗੀ ਤੇ ਦਰਦ ਤੋਂ ਵੀ ਰਾਹਤ ਮਿਲੇਗੀ।
ਐਲੋਵੇਰਾ ਜੂਸ
ਐਲੋਵੇਰਾ ਦਾ ਜੂਸ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਪੇਟ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰੋ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਐਲੋਵੇਰਾ ਜੂਸ ਨੂੰ ਪਾਣੀ ’ਚ ਮਿਲਾ ਕੇ ਪੀਓ।
ਕਾਲੀ ਮਿਰਚ
ਕਾਲੀ ਮਿਰਚ ਦੇ ਪਾਊਡਰ ’ਚ ਹੀਂਗ, ਸੁੱਕਾ ਅਦਰਕ ਤੇ ਕਾਲਾ ਨਮਕ ਮਿਲਾ ਕੇ ਪੀਸ ਕੇ ਬਾਰੀਕ ਪਾਊਡਰ ਬਣਾ ਲਓ। ਇਸ ਦਾ ਸੇਵਨ ਕੋਸੇ ਪਾਣੀ ਨਾਲ ਕਰੋ, ਤੁਹਾਨੂੰ ਆਰਾਮ ਮਿਲੇਗਾ।
ਲੂਣ ਤੇ ਪਾਣੀ
ਪੇਟ ਦੀ ਗੈਸ ਵੀ ਪੇਟ ਦਰਦ ਦਾ ਕਾਰਨ ਹੋ ਸਕਦੀ ਹੈ। ਜੇਕਰ ਤੁਹਾਨੂੰ ਕੁਝ ਵੀ ਖਾਣ ਤੋਂ ਬਾਅਦ ਖਾਣਾ ਪਚਣ ’ਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਕੋਸੇ ਪਾਣੀ ’ਚ ਇਕ ਛੋਟਾ ਚਮਚਾ ਨਮਕ ਮਿਲਾ ਕੇ ਪੀਓ।