GTA News Media

Top Info Bar
22.1°C Toronto Loading date...
India

ਆਮ ਆਦਮੀ ਪਾਰਟੀ ਨੂੰ ਮਿਲਿਆ ਰਾਸ਼ਟਰੀ ਪਾਰਟੀ ਦਾ ਦਰਜਾ, ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ

ਆਮ ਆਦਮੀ ਪਾਰਟੀ ਨੂੰ ਮਿਲਿਆ ਰਾਸ਼ਟਰੀ ਪਾਰਟੀ ਦਾ ਦਰਜਾ, ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ
Share this post via:

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਇਸ ਸਬੰਧੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਵੀਡੀਓ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਵੋਟਾਂ ਮਿਲੀਆਂ ਹਨ, ਉਸ ਤੋਂ ਬਾਅਦ ਕਾਨੂੰਨ ਮੁਤਾਬਕ ਉਨ੍ਹਾਂ ਦੀ ਪਾਰਟੀ ਹੁਣ ਕੌਮੀ ਪਾਰਟੀ ਬਣ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ 10 ਸਾਲ ਪਹਿਲਾਂ ਬਣੀ ਸੀ। ਇੰਨੇ ਘੱਟ ਸਮੇਂ ਵਿੱਚ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ।

ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਵੋਟ ਸ਼ੇਅਰ ਦੇ ਮਾਮਲੇ ਵਿੱਚ, ਭਾਜਪਾ ਨੇ ਹੁਣ ਤੱਕ 53 ਪ੍ਰਤੀਸ਼ਤ ਵੋਟ ਸ਼ੇਅਰ ਹਾਸਲ ਕੀਤਾ ਹੈ, ਜੋ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 49.1 ਤੋਂ ਲਗਭਗ ਚਾਰ ਪ੍ਰਤੀਸ਼ਤ ਅੰਕ ਵੱਧ ਹੈ। ਕਾਂਗਰਸ ਦਾ ਕਰੀਬ 27 ਫੀਸਦੀ ਵੋਟ ਸ਼ੇਅਰ ਹੈ। ਪਿਛਲੀ ਵਾਰ 41.4 ਫੀਸਦੀ ਵੋਟ ਸ਼ੇਅਰ ਦੇ ਮੁਕਾਬਲੇ ਕਾਫੀ ਗਿਰਾਵਟ ਆਈ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ।

182 ਮੈਂਬਰੀ ਗੁਜਰਾਤ ਵਿਧਾਨ ਸਭਾ ‘ਚ ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਸ਼ਾਮ 4.40 ਵਜੇ ਤੱਕ ਗੁਜਰਾਤ ‘ਚ 118 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਭਾਜਪਾ ਨੇ 102 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਅੱਠ, ਆਮ ਆਦਮੀ ਪਾਰਟੀ ਨੇ ਚਾਰ, ਆਜ਼ਾਦ ਉਮੀਦਵਾਰਾਂ ਨੇ ਤਿੰਨ ਅਤੇ ਸਮਾਜਵਾਦੀ ਪਾਰਟੀ ਨੇ ਇੱਕ ਸੀਟ ਜਿੱਤੀ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ‘ਚ 68 ‘ਚੋਂ 52 ਸੀਟਾਂ ਦੇ ਨਤੀਜੇ ਆ ਗਏ ਹਨ, ਜਿਨ੍ਹਾਂ ‘ਚੋਂ 32 ‘ਤੇ ਕਾਂਗਰਸ, 17 ‘ਤੇ ਭਾਰਤੀ ਜਨਤਾ ਪਾਰਟੀ ਅਤੇ ਤਿੰਨ ‘ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।