ਪੰਜਾਬੀ ਨੌਜਵਾਨ ਨੇ ਕੌਣ ਬਣੇਗਾ ਕਰੋੜਪਤੀ ‘ਚ ਜਿੱਤਿਆ 1 ਕਰੋੜ
ਅਮਿਤਾਭ ਬੱਚਨ ਦਾ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ‘ ਦਾ 15ਵਾਂ ਸੀਜ਼ਨ 14 ਅਗਸਤ 2023 ਤੋਂ ਸ਼ੁਰੂ ਹੋਇਆ ਹੈ ‘ਤੇ ਇਸ ‘ਚ ਪੰਜਾਬੀ ਨੌਜਵਾਨ ਨੇ ਇਤਿਹਾਸ ਰਚ ਦਿਤਾ ਹੈ। ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ’ ਟੀਵੀ ਸ਼ੋਅ ਵਿਚ ਇਕ ਕਰੋੜ ਰੁਪਏ ਜਿੱਤ ਲਏ ਹਨ ਤੇ ਹੁਣ 7 ਕਰੋੜ ਰੁਪਏ ਦੇ ਸਵਾਲ ਲਈ ਤਿਆਰੀ ਕਰ ਰਿਹਾ ਹੈ। ਜਸਕਰਨ ਸਿੰਘ (21) ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਸਕਰਨ ਇਸ ਸੀਜ਼ਨ ਦਾ ਪਹਿਲਾ ਪ੍ਰਤੀਯੋਗੀ ਹੈ ਜੋ 7 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚ ਸਕਿਆ ਹੈ।
ਪ੍ਰੋਮੋ ‘ਚ ਦਿਖਾਇਆ ਗਿਆ ਕਿ ਅਮਿਤਾਭ ਬੱਚਨ ਨੇ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਜਸਕਰਨ ਨੂੰ ਇੱਕ ਕਰੋੜ ਰੁਪਏ ਜਿੱਤਣ ਦਾ ਐਲਾਨ ਕੀਤਾ ਅਤੇ ਉਸ ਕੋਲ ਜਾ ਕੇ ਉਸ ਨੂੰ ਜੱਫੀ ਪਾਉਂਦੇ ਹਨ। ਜਸਕਰਨ ਨੇ ਦਸਿਆ ਕਿ ਉਸ ਦੇ ਪਿੰਡ ਦੇ ਗਿਣੇ- ਚੁਣੇ ਲੋਕ ਹੀ ਗ੍ਰੈਜੂਏਟ ਹਨ ਅਤੇ ਉਹ ਉਨ੍ਹਾਂ ਲੋਕਾਂ ‘ਚ ਆਉਂਦਾ ਹੈ। ਉਸ ਨੂੰ ਆਪਣੇ ਪਿੰਡ ਤੋਂ ਕਾਲਜ ਜਾਣ ਲਈ ਚਾਰ ਘੰਟੇ ਲੱਗ ਜਾਂਦੇ ਹਨ।ਜਸਕਰਨ ਸਿਵਲ ਸੇਵਾਵਾਂ ਲਈ ਤਿਆਰੀ ਕਰ ਰਿਹਾ ਹੈ। ਅਗਲੇ ਸਾਲ ਉਹ ਪਹਿਲੀ ਵਾਰ ਪੇਪਰ ਦੇਵੇਗਾ। ਜਸਕਰਨ ਦਾ ਕਹਿਣਾ ਹੈ ਕਿ ‘ਕੇਬੀਸੀ’ ਤੋਂ ਜਿੱਤੀ ਗਈ ਰਕਮ ਉਸ ਦੀ ਪਹਿਲੀ ਕਮਾਈ ਹੈ।