ਕਾਂਗਰਸ ਹਾਈਕਮਾਨ ਨੇ ਕੀਤਾ ਫ਼ੈਸਲਾ,ਪੰਜਾਬ ਦੇ ਨਵੇਂ ਮੁੱਖ ਮੰਤਰੀ 20 ਸਤੰਬਰ ਨੂੰ ਚੁੱਕਣਗੇ ਸਹੁੰ
ਚੰਡੀਗੜ੍ਹ : ਅੱਜ ਪੰਜਾਬ ਕਾਂਗਰਸ ਵਿੱਚ ਹਰ-ਰੋਜ ਦੀ ਤਰ੍ਹਾਂ ਹੀ ਚੱਲ ਰਹੇ ਕਲੇਸ਼ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪੰਜਾਬ ਦੇ ਰਾਜਪਾਲ ਨੂੰ ਸੌਂਪ ਦਿੱਤਾ ਸੀ। ਇਸ ਤੋਂ ਤਰੁੰਤ ਬਾਅਦ ਹੀ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ਵਿੱਚ ਹਰੀਸ਼ ਰਾਵਤ, ਅਜੇ ਮਾਕਨ ਅਤੇ 78 ਹੋਰ ਵਿਧਾਇਕ ਮੌਜੂਦ ਸਨ। ਵਿਧਾਇਕ ਦਲ ਦੀ ਇਸ ਬੈਠਕ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕਾਂਗਰਸ ਹਾਈਕਮਾਨ ਸੋਨੀਆ ਗਾਧੀ ਤੇ ਰਾਹੁਲ ਗਾਂਧੀ ‘ਤੇ ਛੱਡਿਆ ਗਿਆ ।
ਇਸ ਦਰਮਿਆਨ ਜਾਣਕਾਰੀ ਮਿਲੀ ਹੈ ਕਿ ਸੋਮਵਾਰ(20 ਸਤੰਬਰ 2021) ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਚੰਡੀਗੜ੍ਹ ਵਿਖੇ ਦੁਪਹਿਰ 3 ਵਜੇ ਆਯੋਜਿਤ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਪੰਜ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪਰ ਇਹ ਹਾਈਕਮਾਨ ਫ਼ੈਸਲਾ ਕਰੇਗਾ ਕਿ ਮੁੱਖ ਮੰਤਰੀ ਦਾ ਤਾਜ ਕਿਸ ਦੇ ਸਿਰ ਤੇ ਸਜਦਾ ਹੈ। ਇਸ ਤੋਂ ਪਹਿਲਾਂ ਸਾਰਾ ਦਿਨ ਚੱਲੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਹੀ ਆਖੀਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ।