ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਕੀਤਾ ਰੌਸ਼ਨ
ਟੋਰਾਂਟੋ – ਕੈਨੇਡਾ ਵਿਚ ਪੰਜਾਬੀ ਮੂਲ ਦੇ ਨੌਜਵਾਨ ਰਣਇੰਦਰਜੀਤ ਸਿੰਘ ਨੇ ‘ਟੋਰਾਂਟੋ ਪੁਲਸ ਪਾਰਕਿੰਗ ਐਨਫੋਰਸਮੈਂਟ ਅਫਸਰ’ ਦਾ ਅਹੁਦਾ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੇ ਪਟਿਆਲਾ ਨਾਲ ਸਬੰਧਿਤ ਰਣਇੰਦਰਜੀਤ 2019 ਵਿਚ ਕੈਨੇਡਾ ਗਿਆ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਤੋਂ ਕੈਨੇਡਾ ਵਿਚ ਰਹਿ ਰਹੇ ਹਨ।
ਉਸ ਦੇ ਮਾਪਿਆਂ ਨੇ ਦੱਸਿਆ ਕਿ 6 ਹਫਤਿਆਂ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਹੁਣ ਰਣਇੰਦਰਜੀਤ ਸਿੰਘ ਆਪਣੀ ਡਿਊਟੀ ਸੰਭਾਲਣ ਜਾ ਰਿਹਾ ਹੈ। ਸਿਖਲਾਈ ਦੌਰਾਨ ਰਣਇੰਦਰਜੀਤ ਨੇ ਅਕਾਦਮਿਕ ਪੇਪਰ ਵਿਚ 150 ਵਿਚੋਂ 149 ਨੰਬਰ ਪ੍ਰਾਪਤ ਕਰਕੇ ਸਰਵੋਤਮ ਸਥਾਨ ਹਾਸਲ ਕੀਤਾ, ਜਿਸ ਲਈ ਉਸ ਨੂੰ ਟੋਰਾਂਟੋ ਪੁਲਸ ਦੇ ਡਿਪਟੀ ਚੀਫ ਲੌਰੈਨ ਪੌਗ ਵੱਲੋਂ ਐਵਾਰਡ ਸਨਮਾਨਿਤ ਕੀਤਾ ਗਿਆ।
ਰਣਇੰਦਰਜੀਤ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਹ ਸਨਮਾਨ ਮਿਲਿਆ ਹੈ। ਇਸ ਸਫਲਤਾ ਲਈ ਉਸ ਨੇ ਆਪਣੇ ਮਾਪਿਆਂ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਵੀ ਪ੍ਰੇਰਣਾ ਸਰੋਤ ਦੱਸਿਆ, ਜੋ ਇਸੇ ਅਹੁਦੇ ‘ਤੇ ਸੇਵਾ ਨਿਭਾ ਰਿਹਾ ਹੈ।