GTA News Media

Top Info Bar
22.1°C Toronto Loading date...
Canada Featured Punjab

ਨੁਕਸ ਕੈਨੇਡਾ ਵਿੱਚ ਜਾਂ ਕਿਤੇ ਹੋਰ

ਨੁਕਸ ਕੈਨੇਡਾ ਵਿੱਚ ਜਾਂ ਕਿਤੇ ਹੋਰ
Share this post via:

(ਸਤਪਾਲ ਸਿੰਘ ਜੌਹਲ)- ਮਾਲਟਨ `ਚ ‘ਚੈਟ ਹੱਟ’ (ਰੈਸਟੋਰੈਂਟ) ਦੇ ਮਾਲਕ ਵਲੋਂ ਸਤਿੰਦਰ (ਕੌਰ) ਗਰੇਵਾਲ ਨਾਮਕ ਵਰਕਰ ਤੋਂ ਘੱਟ ਪੈਸੇ ਦੇ ਕੇ ਕੰਮ (ਸਫਾਈਆਂ, ਕੁਕਿੰਗ, ਵੇਟਰ ਵਗੈਰਾ) ਕਰਵਾਉਣ ਦਾ ਕੇਸ ਸਾਹਮਣੇ ਆਇਆ ਹੈ ਜਿਸ ਵਿੱਚ ਮਾਲਕ (ਅਜੇ ਕਾਲੜਾ) ਹੁਣ ਖਬਰਾਂ ਅਨੁਸਾਰ ਆਪ ਹੀ (ਸਟੂਡੈਂਟ) ਵਰਕਰ ਸਤਿੰਦਰ ਨੂੰ $16495.29 ਦੇਣ ਲਈ ਰਾਜੀ ਹੋ ਕੇ ਕੇਸ ਨਿਬੇੜ ਲਿਆ ਹੈ। ਅਜਿਹੇ ਮਾਮਲਿਆਂ ਵਿੱਚ ਆਮ ਤੌਰ `ਤੇ ਇੰਪਲਾਇਰਜ਼ ਤੇ ਵਰਕਰ ਇਕ ਕਮਿਊਨਿਟੀ (ਪੰਜਾਬੀ) ਹੁੰਦੇ/ਹੁੰਦੀਆਂ ਹਨ ਜੋ ਵੱਖ ਵੱਖ ਸਮਿਆਂ `ਤੇ ਆਪਣੀਆਂ ਜਿੰਦਗੀਆਂ ਦੇ ਸਵਰਗ ਸਿਰਜਣ ਲਈ ਸ਼ਿੱਦਤਾਂ (ਤਰਲਿਆਂ) ਨਾਲ ਕੈਨੇਡਾ ਪੁੱਜੇ ਹੁੰਦੇ/ਹੁੰਦੀਆਂ ਹਨ। ਇਹ ਵੀ ਕਿ ਵਧੀਕੀਆਂ ਦੀਆਂ ਸਫਾਈਆਂ ਦੇਣ ਲਈ ਇਕ ਦੂਜੇ ਦੇ ਨੁਕਸ ਹੁੱਬ ਕੇ (ਮਜਬੂਰੀਆਂ ਦੀਆਂ ਮੂੰਗਲੀਆਂ ਤਹਿਤ) ਕੱਢੇ ਜਾਂਦੇ ਹੁੰਦੇ ਹਨ। ਨਾਲ਼ ਦੀ ਨਾਲ਼ ਹੀ ਅਕਸਰ ਬਰੈਂਪਟਨ, ਉਂਟਾਰੀਓ, ਕੈਨੇਡਾ ਵਿੱਚ ਨੁਕਸ ਗਿਣਾਉਣ ਦੀ ਰਟ ਲਗਾ ਲਈ ਜਾਂਦੀ ਹੈ। ਜਦਕਿ, ਕਾਨੂੰਨੀ ਪਰਤਾਂ ਖੁਲ੍ਹ ਜਾਣ ਤਾਂ ਉਨ੍ਹਾਂ ਦੀਆਂ ਆਪਣੀਆਂ ਬੁੱਧੀਆਂ ਹੀ ਭਿ੍ਸ਼ਟਾਚਾਰ ਦਾ ਸਿਖਰ ਨਿਕਲਦੀਆਂ ਹੁੰਦੀਆਂ ਹਨ। ਸੋ, ਕੈਨੇਡਾ ਦੀ ਭੱਲ ਉਨ੍ਹਾਂ ਵਿਅਕਤੀਆਂ ਨੂੰ ਪਚਦੀ ਸਮਝੀ ਜਾ ਸਕਦੀ ਹੈ ਜਿਨ੍ਹਾਂ ਨੇ ਨਵੇਂ ਸਮਾਨ ਵਾਲੇ ਬੈਗਾਂ ਨਾਲ ਆਪਣੇ ਸਿਰਾਂ ਅੰਦਰ ਬੇਈਮਾਨੀਆਂ ਦੀ ਗੰਦਗੀ ਇਸ ਦੇਸ਼ ਵਿੱਚ ਇੰਪੋਰਟ ਨਾ ਕੀਤੀ ਹੋਵੇ। ਤਦ ਹੀ ਉਨ੍ਹਾਂ ਦੀਆਂ ਕੈਨੇਡਾ `ਚ ਜੰਮਪਲ ਔਲਾਦਾਂ ਦਾ ਵੀ ਬੇਈਮਾਨ ਗੁੜ੍ਹਤੀ ਤੋਂ ਬਚਾਅ ਰਹਿ ਸਕਦਾ ਹੈ। ਕਿਸੇ ਹੋਰ ਵਿੱਚ ਨੁਕਸ ਕੱਢਣੇ ਤਾਂ ਬੜਾ ਸੌਖਾ ਕੰਮ ਹੈ ਜੋ ਆਪਾਂ ਆਪਣੀ ਜਨਮ ਭੂਮੀ ਤੋਂ ਕੱਢਦੇ ਹੋਏ ਹੁਣ ਸਾਰੀ ਧਰਤੀ ਉਪਰ ਖੱਜਲ਼ ਹੋਣ ਵਾਲ਼ੀ ਕੌਮ ਬਣ ਚੁੱਕੇ ਹਾਂ। ਬੇਈਮਾਨੀਆਂ ਦੇ ਲੜ ਛੱਡਦੇ ਸਾਰ ਜਿੱਥੇ ਵੀ ਕੋਈ ਹੈ ਓਥੇ ਹੀ ਟਿਕਾਣੇ ਨਸੀਬ ਹੁੰਦੇ ਨਜ਼ਰ ਆਉਣ ਲੱਗ ਜਾਣਗੇ। ਨਾ ਮੰਨਣ ਦੀ ਕੋਈ ਹੰਕਾਰੀ ਅੜੀ ਪਾਲ਼ ਰੱਖੀ ਹੈ ਤਾਂ ਗੱਲ ਵੱਖਰੀ।