ਰਾਜਾ ਵੜਿੰਗ ਦੀ ਕਾਰਵਾਈ; ਅਕਾਲੀ ਟਰਾਂਸਪੋਰਟ ਦੀਆਂ 13 ਹੋਰ ਬੱਸਾਂ ਜ਼ਬਤ
ਚੰਡੀਗੜ੍ਹ: ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਰਕਨੂੰਨੀ ਪ੍ਰਾਈਵੇਟ ਬੱਸਾਂ ਵਿਰੁੱਧ ਸਖਤੀ ਕਰ ਦਿੱਤੀ ਹੈ। ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਟਰਾਂਸਪੋਰਟ ਵਿਭਾਗ ਚੌਕਸ ਹੋ ਗਿਆ ਹੈ। ਵਿਭਾਗ ਨੇ ਸੋਮਵਾਰ ਨੂੰ ਫਰੀਦਕੋਟ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ 13 ਹੋਰ ਗੈਰਕਨੂੰਨੀ ਪ੍ਰਾਈਵੇਟ ਬੱਸਾਂ ਜ਼ਬਤ ਕੀਤੀਆਂ ਹਨ। ਇਹ ਬੱਸਾਂ ਵੀ ਬਾਦਲ ਪਰਿਵਾਰ ਦੀ ਮਲਕੀਅਤ ਹਨ।
ਸਰਕਾਰੀ ਸੂਤਰਾਂ ਅਨੁਸਾਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ, ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਓਰਬਿਟ, ਟ੍ਰੈਵਲ ਪੁਆਇੰਟ, ਆਰ ਐਸ ਯਾਦਵ, ਲਿਬਰਾ, ਨਾਗਪਾਲ, ਡੱਬਵਾਲੀ, ਗੁਰੂ ਨਾਨਕ ਅਤੇ ਨਿਉ ਦੀਪ ਦੀਆਂ ਬੱਸਾਂ ਵਿੱਚੋਂ ਇੱਕ-ਇੱਕ ਬੱਸ ਜ਼ਬਤ ਕਰ ਲਈ ਗਈ ਹੈ।
ਇਸ ਦੌਰਾਨ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਚੈਕਿੰਗ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਰ ਗੈਰਕਨੂੰਨੀ ਢੰਗ ਨਾਲ ਚੱਲਣ ਵਾਲੀ ਬੱਸ ਪਟੜੀ ਤੋਂ ਉਤਰ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਗੈਰਕਨੂੰਨੀ ਬੱਸਾਂ ਇੱਕ ਪਾਸੇ ਸਰਕਾਰੀ ਟਰਾਂਸਪੋਰਟ ਦਾ ਨੁਕਸਾਨ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਦਾ ਰਵੱਈਆ ਪਹਿਲੇ ਦਿਨ ਤੋਂ ਹੀ ਗੈਰਕਨੂੰਨੀ ਬੱਸਾਂ ਚਲਾਉਣ ਵਾਲੇ ਟਰਾਂਸਪੋਰਟਰਾਂ ਦੇ ਖਿਲਾਫ ਵੇਖਿਆ ਗਿਆ ਸੀ। ਪਹਿਲੀ ਮੀਟਿੰਗ ਵਿੱਚ ਹੀ ਟੈਕਸ ਨਾ ਅਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੇ ਆਦੇਸ਼ ਦਿੱਤੇ ਗਏ ਸਨ। ਹੁਣ ਤੱਕ ਉਨ੍ਹਾਂ ਨੇ ਲਗਭਗ 80 ਬੱਸਾਂ ‘ਤੇ ਕਾਰਵਾਈ ਕੀਤੀ ਹੈ। ਜ਼ਿਲਾਵਾਰ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਹ ਟੀਮਾਂ ਲਗਾਤਾਰ ਸੜਕਾਂ ‘ਤੇ ਬੱਸਾਂ ਰੋਕ ਕੇ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।