ਓਨਟਾਰੀਓ: ਪਿੱਕਅੱਪ ਟਰੱਕ ਦੀ ਟੱਕਰ ਨਾਲ ਇੱਕ 20 ਸਾਲਾ ਲੜਕੀ ਦੀ ਮੌਤ
ਪੁਲਿਸ ਦਾ ਕਹਿਣਾ ਹੈ ਕਿ ਓਸ਼ਾਵਾ, ਓਨਟਾਰੀਓ ਵਿੱਚ ਇੱਕ ਇਲੈਕਟ੍ਰਿਕ ਸਕੂਟਰ ਦੀ ਸਵਾਰੀ ਕਰ ਰਹੀ 20 ਸਾਲਾ ਲੜਕੀ ਦੀ ਇੱਕ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ ਹੈ। ਡਰਹਮ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 1:45 ਵਜੇ ਦੇ ਕਰੀਬ ਓਸ਼ਾਵਾ ਦੇ ਟਾਊਨਟਨ ਰੋਡ ਈਸਟ ਨੇੜੇ ਹਾਰਮਨੀ ਰੋਡ ਉੱਤਰੀ ‘ਤੇ ਇੱਕ ਹਾਦਸੇ ਲਈ ਬੁਲਾਇਆ ਗਿਆ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ‘ਤੇ 20 ਸਾਲਾ ਔਰਤ ਨੂੰ ਜ਼ਖਮੀ ਹਾਲਤ ‘ਚ ਪਾਇਆ ਅਤੇ ਪੈਰਾਮੈਡਿਕਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਬਾਅਦ ਵਿਚ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਟੱਕਰ ਉਦੋਂ ਹੋਈ ਜਦੋਂ ਇੱਕ ਕਾਲੇ ਰੰਗ ਦਾ ਪਿੱਕਅੱਪ ਟਰੱਕ ਚੌਰਾਹੇ ਦੇ ਕੋਨੇ ‘ਤੇ ਇੱਕ ਗੈਸ ਸਟੇਸ਼ਨ ਤੋਂ ਬਾਹਰ ਨਿਕਲਿਆ ਅਤੇ ਔਰਤ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ।
ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਮੌਕੇ ‘ਤੇ ਹੀ ਰਿਹਾ। ਪੁਲਿਸ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਲਈ ਕਹਿ ਰਹੀ ਹੈ ਜਿਸ ਨੇ ਟੱਕਰ ਦੇਖੀ ਹੈ ਜਾਂ ਜਿਸ ਕੋਲ ਡੈਸ਼ਕੈਮ ਫੁਟੇਜ ਹੈ।