GTA News Media

Top Info Bar
22.1°C Toronto Loading date...
Toronto/GTA Weather

ਕਲਾਈਮੇਟ ਚੇਂਜ ਬਾਰੇ ਗੰਭੀਰ ਰਿਪੋਰਟ ਆਈ ਸਾਹਮਣੇ

ਕਲਾਈਮੇਟ ਚੇਂਜ ਬਾਰੇ ਗੰਭੀਰ ਰਿਪੋਰਟ ਆਈ ਸਾਹਮਣੇ
Share this post via:

ਪ੍ਰੀਮੀਅਰ ਡਗ ਫ਼ੋਰਡ ਦੀ ਸਰਕਾਰ ਵੱਲੋਂ ਕਰਵਾਈ ਗਈ ਇੱਕ ਰਿਪੋਰਟ ਵਿਚ ਓਨਟੇਰਿਓ ਵਿਚ ਕਲਾਈਮੇਟ ਚੇਂਜ ਦੇ ਵਧਦੇ ਜੋਖਮ ਬਾਰੇ ਚਿਤਾਵਨੀ ਦਿੱਤੀ ਗਈ ਹੈ। ਪ੍ਰੋਵਿੰਸ਼ੀਅਲ ਕਲਾਈਮੇਟ ਚੇਂਜ ਇੰਪੈਕਟ ਅਸੈਸਮੈਂਟ ਨਾਂ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਲਵਾਯੂ ਤਬਦੀਲੀ ਖੇਤੀ ਤੋਂ ਲੈਕੇ ਬੁਨਿਆਦੀ ਢਾਂਚੇ ਅਤੇ ਭੋਜਨ ਉਤਪਾਦਨ ਤੋਂ ਲੈਕੇ ਕਾਰੋਬਾਰਾਂ ਤੱਕ, ਸਭ ਨੂੰ ਪ੍ਰਭਾਵਿਤ ਕਰੇਗੀ।ਰਿਪੋਰਟ ਵਿਚ ਓਨਟੇਰਿਓ ਵਿਚ ਬੇਹੱਦ ਗਰਮੀ ਵਾਲੇ ਦਿਨਾਂ ਦੀ ਗਿਣਤੀ, ਹੜਾਂ ਅਤੇ ਜੰਗਲੀ ਅੱਗਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਇਹ ਰਿਪੋਰਟ ਸਰਕਾਰ ਕੋਲ ਜਨਵਰੀ ਵਿਚ ਪੇਸ਼ ਕੀਤੀ ਗਈ ਸੀ, ਪਰ ਅਗਸਤ ਵਿਚ ਇਸਨੂੰ ਜਨਤਕ ਕੀਤਾ ਗਿਆ ਅਤੇ ਸਰਕਾਰ ਨੇ ਇਸ ਬਾਰੇ ਕੋਈ ਨਿਊਜ਼ ਰਿਲੀਜ਼ ਵੀ ਜਾਰੀ ਨਹੀਂ ਕੀਤੀ। ਵਾਟਰਲੂ ਯੂਨੀਵਰਸਿਟੀ ਦੇ ਕਲਾਈਮੇਟ ਸੈਂਟਰ ਦੇ ਮੁਖੀ, ਬਲੇਅਰ ਫ਼ੈਲਟਮੇਟ ਨੇ ਕਿਹਾ, ਇਹ ਰਿਪੋਰਟ ਜਲਵਾਯੂ ਤਬਦੀਲੀ ਅਤੇ ਅਤਿਅੰਤ ਮੌਸਮ ਦੇ ਪ੍ਰਭਾਵਾਂ ਦਾ ਵਰਣਨ ਕਰਨ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਹੈ। 530 ਪੰਨਿਆਂ ਦੀ ਰਿਪੋਰਟ ਵਿਚ ਓਨਟੇਰਿਓ ਵਿਚ ਜਲਵਾਯੂ ਤਬਦੀਲੀ ਦੇ ਭਵਿੱਖ ਵਿਚ ਪੈਣ ਵਾਲੇ ਪ੍ਰਭਾਵਾਂ ਦੇ ਗੰਭੀਰ ਵੇਰਵੇ ਸ਼ਾਮਲ ਹਨ।

ਖੇਤੀਬਾੜੀ ਸੈਕਟਰ ਨੂੰ ਘਟਦੀ ਉਤਪਾਦਕਤਾ, ਫਸਲਾਂ ਖ਼ਰਾਬ ਹੋਣ, ਅਤੇ ਪਸ਼ੂਆਂ ਦੀ ਮੌਤ ਦਾ ਜੋਖਮ ਹੈ। ਓਨਟੇਰਿਓ ਦੇ ਜ਼ਿਆਦਾਤਰ ਕਾਰੋਬਾਰਾਂ ਨੂੰ ਜਲਵਾਯੂ ਤਬਦੀਲੀ ਕਾਰਨ ਵਧੇ ਹੋਏ ਜੋਖਮਾਂ ਦਾ ਸਾਹਮਣਾ ਕਰਨਾ ਪਵੇਗਾ। ਓਨਟੇਰਿਓ ਦੀ ਸਭ ਤੋਂ ਕਮਜ਼ੋਰ ਆਬਾਦੀ ਵਿੱਚ ਜਲਵਾਯੂ ਦੇ ਜੋਖਮ ਸਭ ਤੋਂ ਵੱਧ ਹਨ ਅਤੇ ਇਹ ਮੌਜੂਦਾ ਅਸਮਾਨਤਾਵਾਂ ਨੂੰ ਹੋਰ ਵਧਾਉਣਗੇ। ਉਕਤ ਰਿਪੋਰਟ ਸਡਬਰੀ ਅਧਾਰਤ ਕਲਾਈਮੇਟ ਰਿਸਕ ਇੰਸਟੀਟਿਊਟ ਨੇ ਤਿਆਰ ਕੀਤੀ ਹੈ। ਫ਼ੋਰਡ ਸਰਕਾਰ ਨੇ 2020 ਵਿਚ ਇਸ ਅਦਾਰੇ ਨੂੰ ਇਹ ਜ਼ਿੰਮਾ ਸੌਂਪਿਆ ਸੀ।

ਕਲਾਈਮੇਟ ਰਿਸਕ ਇੰਸਟੀਟਿਊਟ ਦੇ ਪ੍ਰੈਜ਼ੀਡੈਂਟ, ਐਲ ਡਗਲਸ ਨੇ ਕਿਹਾ, ਜਲਵਾਯੂ ਤਬਦੀਲੀ ਦੇ ਪ੍ਰਭਾਵ ਇਸ ਸਮੇਂ ਬਹੁਤ ਸਪੱਸ਼ਟ ਹਨ, ਉਹ ਬਹੁਤ, ਬਹੁਤ ਗੰਭੀਰ ਹਨ, ਅਤੇ ਇਹ ਭਵਿੱਖ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ 2080 ਤੱਕ ਦੱਖਣੀ, ਮੱਧ ਅਤੇ ਪੂਰਬੀ ਓਨਟੇਰਿਓ ਵਿੱਚ ਹਰ ਸਾਲ ਔਸਤਨ 55 ਤੋਂ 60 ਦਿਨ ਅਤਿਅੰਤ ਗਰਮੀ ਵਾਲੇ ਹੋਣਗੇ, ਜੋ ਕਿ ਲਗਭਗ 16 ਦਿਨਾਂ ਦੀ ਮੌਜੂਦਾ ਸਾਲਾਨਾ ਔਸਤ ਨਾਲੋਂ ਕਰੀਬ ਚਾਰ ਗੁਣਾ ਵੱਧ ਹੈ।ਉੱਤਰੀ ਓਨਟੇਰਿਓ, ਜਿੱਥੇ ਹਰ ਸਾਲ ਔਸਤਨ 4 ਅਤਿਅੰਤ ਗਰਮੀ ਦੇ ਦਿਨ ਹੁੰਦੇ ਹਨ, ਉੱਥੇ ਹਰ ਸਾਲ ਅਜਿਹੇ 35 ਦਿਨ ਹੋਣ ਦਾ ਅਨੁਮਾਨ ਹੈ। ਰਿਪੋਰਟ ਅਨੁਸਾਰ ਓਨਟੇਰਿਓ ਦੇ ਜਲਵਾਯੂ ਵਿੱਚ ਤਬਦੀਲੀਆਂ ਤੇਜ਼ੀ ਨਾਲ ਜਾਰੀ ਰਹਿਣ ਦੀ ਉਮੀਦ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਓਨਟੇਰਿਓ ਵਿਚ ਭੋਜਨ ਉਤਪਾਦਨ ਅਤੇ ਖੇਤੀ ਨੂੰ ਜਲਵਾਯੂ ਤਬਦੀਲੀ ਤੋਂ ਵਿਸ਼ੇਸ਼ ਤੌਰ ‘ਤੇ ਖ਼ਤਰਾ ਹੈ। ਰਿਪੋਰਟ ਅਨੁਸਾਰ ਨਾ ਸਿਰਫ਼ ਖੇਤੀ ਉਪਤਾਦਨ ਘਟੇਗਾ, ਸਗੋਂ ਪਾਲਤੂ ਜਾਨਵਰਾਂ ਦੀ ਸਿਹਤ, ਪਾਣੀ ਦੀ ਉਪਲਬਧਤਾ, ਮਿੱਟੀ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ। ਓਨਟੇਰਿਓ ਦੇ $45 ਬਿਲੀਅਨ ਦੇ ਖੇਤੀਬਾੜੀ ਸੈਕਟਰ ਦੇ ਵੱਖਰੇ ਵੱਖਰੇ ਹਿੱਸਿਆਂ ਵਿਚ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਦਾ ਕਹਿਣਾ ਹੈ ਕਿ ਅਢੁੱਕਵੀਂ ਨਮੀ ਕਾਰਨ ਮੱਕੀ ਦੇ ਉਤਪਾਦਨ ਵਿਚ ਸੰਭਾਵਤ ਤੌਰ ‘ਤੇ 50% ਗਿਰਾਵਟ ਆ ਸਕਦੀ ਹੈ ਅਤੇ ਸਪਰਿੰਗ ਸੀਜ਼ਨ ਦੇ ਅਖੀਰ ਵਿਚ ਫ਼ਰੌਸਟ, ਅਤਿਅੰਤ ਗਰਮੀ ਅਤੇ ਅਤਿਅੰਤ ਮੀਂਹ ਕਾਰਨ ਸੇਬ ਦੀ ਕਾਸ਼ਤ ਲਈ ਵੀ ਜੋਖਮ ਹੈ।

(ਸੀਬੀਸੀ ਨਿਊਜ਼)