GTA News Media

Top Info Bar
22.1°C Toronto Loading date...
Toronto/GTA

ਕਾਰਜੈਕਿੰਗ ਟਾਸਕ ਫ਼ੋਰਸ ਨੇ ਬਰਮਾਦ ਕੀਤੇ ਚੋਰੀ ਕੀਤੇ 109 ਵਾਹਨ, 89 ਗ੍ਰਿਫ਼ਤਾਰ

ਕਾਰਜੈਕਿੰਗ ਟਾਸਕ ਫ਼ੋਰਸ ਨੇ ਬਰਮਾਦ ਕੀਤੇ ਚੋਰੀ ਕੀਤੇ 109 ਵਾਹਨ, 89 ਗ੍ਰਿਫ਼ਤਾਰ
Share this post via:

ਟੋਰੌਂਟੋ ਪੁਲਿਸ ਨੇ ਵੀਰਵਾਰ ਨੂੰ ਐਲਾਨ ਕੀਤਾ ਸੂਬੇ ਦੀ ਕਾਰਜੈਕਿੰਗ ਟਾਸਕ ਫ਼ੋਰਸ ਨੇ 21 ਸਤੰਬਰ ਤੋਂ ਹੁਣ ਤੱਕ 109 ਵਾਹਨ ਬਰਾਮਦ ਕੀਤੇ ਹਨ ਅਤੇ 89 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਗ੍ਰਿਫ਼ਤਾਰੀਆਂ ਵਿਚ ਕੁਲ 554 ਦੋਸ਼ ਆਇਦ ਕੀਤੇ ਗਏ ਹਨ। ਕਾਰ ਚੋਰੀਆਂ ਨਾਲ ਸਬੰਧਤ ਹਿੰਸਾ ਦੀਆਂ ਵਧਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਪਿਛਲੇ ਸਾਲ ਪ੍ਰੋਵਿੰਸ਼ੀਅਲ ਕਾਰਜੈਕਿੰਗ ਜੁਆਇੰਟ ਟਾਸਕ ਫ਼ੋਰਸ (PCJTF) ਦਾ ਗਠਨ ਕੀਤਾ ਗਿਆ ਸੀ।

ਇੱਕ ਨਿਊਜ਼ ਰਿਲੀਜ਼ ਵਿਚ ਪੁਲਿਸ ਸੁਪਰਡੈਂਟ, ਸਟੀਵ ਵਾਟਸ ਨੇ ਕਿਹਾ ਕਿ ਕਾਰ ਚੋਰੀ ਨਾਲ ਜੁੜੀ ਹਿੰਸਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਵਿਸ਼ੇਸ਼ ਟਾਕਸ ਫ਼ੋਰਸ ਇਸ ਨਾਲ ਨਜਿੱਠਣਾ ਜਾਰੀ ਰੱਖੇਗੀ। ਸਟੀਵ ਨੇ ਕਿਹਾ, ਪੂਰੇ ਜੀਟੀਏ ਵਿੱਚ, ਟਾਸਕ ਫੋਰਸ ਦੇ ਮੈਂਬਰ ਆਟੋ ਚੋਰੀਆਂ ਲਈ ਜ਼ਿੰਮੇਵਾਰ ਨੈੱਟਵਰਕਾਂ ਨੂੰ ਸਫਲਤਾਪੂਰਵਕ ਭੰਗ ਕਰ ਰਹੇ ਹਨ ਅਤੇ ਉਹਨਾਂ ਖ਼ਿਲਾਫ਼ ਬਣਦੀ ਕਾਰਵਾਈ ਕਰ ਰਹੇ ਹਨ।

ਪਿਛਲੇ ਸਾਲ ਅਕਤੂਬਰ ਵਿਚ PCJTF ਦਾ ਗਠਨ ਕੀਤਾ ਗਿਆ ਸੀ। ਟੋਰੌਂਟੋ ਪੁਲਿਸ ਸਰਵਿਸ ਅਤੇ ਓਨਟੇਰਿਓ ਪ੍ਰੋਵਿੰਸ਼ੀਅਲ ਪੁਲਿਸ ਇਸ ਟਾਸਕ ਫ਼ੋਰਸ ਦੀ ਅਗਵਾਈ ਕਰ ਰਹੇ ਹਨ, ਪਰ ਇਸ ਵਿਚ ਜੀਟੀਏ ਦੀਆਂ ਹੋਰ ਪੁਲਿਸ ਸੇਵਾਵਾਂ ਜਿਵੇਂ ਪੀਲ ਪੁਲਿਸ, ਯੌਰਕ ਪੁਲਿਸ, ਹਾਲਟਨ ਪੁਲਿਸ ਅਤੇ ਡਰਹਮ ਪੁਲਿਸ ਦੇ ਮੈਂਬਰ ਵੀ ਸ਼ਾਮਲ ਹਨ।

ਟੋਰੌਂਟੋ ਪੁਲਿਸ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਓਨਟੇਰਿਓ ਵਿੱਚ ਆਟੋ ਅਪਰਾਧਾਂ ਨਾਲ ਸਬੰਧਤ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਹਾਲਾਂਕਿ ਟੋਰੌਂਟੋ ਵਿੱਚ 2023 ਵਿੱਚ ਕਾਰਜੈਕਿੰਗ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੈ। ਪਿਛਲੇ ਸਾਲ, ਜੀਟੀਏ ਵਿੱਚ 300 ਤੋਂ ਵੱਧ ਕਾਰਜੈਕਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚੋਂ 200 ਤੋਂ ਵੱਧ ਇਕੱਲੇ ਟੋਰੌਂਟੋ ਚ ਸਨ।

ਓਪੀਪੀ ਦੀ ਡਿਟੈਕਟਿਵ ਸੁਪਰਡੈਂਟ, ਪੌਲਾ ਮਿਲਨੇ ਨੇ ਕਿਹਾ ਕਿ ਇਸ ਸਹਿਯੋਗ ਕਰਕੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਵਾਹਨਾਂ ਨਾਲ ਜੁੜੇ ਸੰਗੀਨ ਅਪਰਾਧਾਂ ਲਈ ਜ਼ਿੰਮੇਵਾਰ ਸੰਗਠਿਤ ਅਪਰਾਧ ਸਮੂਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨੱਥ ਪਾ ਸਕਣਗੇ। ਪੁਲਿਸ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਤੇ ਕਾਰਜੈਕਿੰਗ ਨੂੰ ਰੋਕਣ ਲਈ ਹੇਠਾਂ ਦਰਜ ਕਈ ਕਦਮ ਚੁੱਕ ਸਕਦੇ ਹਨ:

-ਵਾਹਨਾਂ ਨੂੰ ਗੈਰਾਜ ਵਿਚ ਖੜਾ ਕਰਨਾ
-ਡਰਾਈਵ ਵੇਅ ‘ਤੇ ਰੌਸ਼ਨੀ ਦਾ ਪ੍ਰਬੰਧ ਕਰਨਾ
-ਹੋਮ ਸਿਕਿਓਰਟੀ ਸਿਸਟਮ ਇੰਸਟਾਲ ਕਰਨਾ
-ਮਲਟੀ-ਪੁਆਇੰਟ ਡੋਰ ਲੌਕ ਹੋਣੇ
-ਬੈਕਯਾਰਡ ਦੇ ਗੇਟ ਲੌਕ ਕਰਨੇ ਅਤੇ ਖਿੜਕੀਆਂ ਨੂੰ ਵੀ ਕੁੰਡੀਆਂ ਲਾਉਣੀਆਂ
-ਕਿਸੇ ਵਿਅਕਤੀ ਨੂੰ ਵਾਹਨ ਕੋਲ ਆਉਂਦੇ ਦੇਖ ਆਪਣੇ ਵਾਹਨ ਦੀ ਚਾਬੀ ਨਾਲ ਸਿਕਿਓਰਟੀ ਅਲਾਰਮ ਵਜਾਉਣਾ
-ਜਾਣ-ਬੁੱਝ ਕੇ ਕਿਸੇ ਵੱਲੋਂ ਕਾਰ ਵਿਚ ਪਿੱਛੋਂ ਦੀ ਟੱਕਰ ਮਾਰਨ ਪ੍ਰਤੀ ਸਾਵਧਾਨ ਰਹਿਣਾ, ਕਿਉਂਕਿ ਚੋਰ ਇਸ ਤਰ੍ਹਾਂ ਕਰਕੇ ਕਾਰ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ
-ਜੇ ਸ਼ੱਕ ਹੋਵੇ ਕਿ ਕੋਈ ਪਿੱਛਾ ਕਰ ਰਿਹਾ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਵੱਲ ਗੱਡੀ ਮੋੜੋ
-ਹਥਿਆਰਬੰਦ ਸ਼ੱਕੀਆਂ ਦੀ ਗੱਲ ਮੰਨੋ ਅਤੇ ਜਦੋਂ ਸੁਰੱਖਿਅਤ ਹੋਵੇ ਉਦੋਂ ਪੁਲਿਸ ਨੂੰ ਸੂਚਿਤ ਕਰੋ

CBC News