ਗੱਡੀਆਂ ਚੋਰੀ ਕਰਨ ਵਾਲੇ ਗਿਰੋਹਾਂ ਦੇ 28 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਪੁਲਿਸ ਨੇ ਓਨਟਾਰੀਓ ਤੇ ਸਸਕੈਚਵਨ ਵਿੱਚ ਗੱਡੀਆਂ ਚੋਰੀ ਕਰਨ ਵਾਲੇ ਤਿੰਨ ਮੁਜਰਮਾਨਾ ਸੰਗਠਨਾਂ ਦਾ ਪਰਦਾਫਾਸ਼ ਕਰਕੇ 200 ਤੋਂ ਵੱਧ ਚੋਰੀ ਕੀਤੀਆਂ ਗਈਆਂ ਗੱਡੀਆਂ ਬਰਾਮਦ ਕੀਤੀਆਂ ਹਨ ਤੇ 28 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਚਾਰਜ ਕੀਤੇ ਗਏ 28 ਵਿਅਕਤੀਆਂ ਵਿੱਚ ਸਰਵਿਸ ਓਨਟਾਰੀਓ ਦੇ ਮੁਲਾਜ਼ਮ ਵੀ ਸ਼ਾਮਲ ਹਨ। ਇਹ ਮੁਲਾਜ਼ਮ ਚੋਰੀ ਦੀਆਂ ਇਨ੍ਹਾਂ ਗੱਡੀਆਂ ਦੀ ਨਜਾਇਜ਼ ਰਜਿਸਟ੍ਰੇਸ਼ਨ ਕਰਨ ਵਿੱਚ ਮਦਦ ਕਰਦੇ ਸਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ 26 ਓਨਟਾਰੀਓ ਤੋਂ ਤੇ ਦੋ ਸਸਕੈਚਵਨ ਤੋਂ ਹਨ। ਮਸ਼ਕੂਕਾਂ ਦੀ ਉਮਰ 27 ਤੋਂ 59 ਸਾਲ ਦਰਮਿਆਨ ਦੱਸੀ ਜਾਂਦੀ ਹੈ। ਇਨ੍ਹਾ ਵਿੱਚੋਂ ਬਹੁਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਰਹਿਣ ਵਾਲੇ ਹਨ ਤੇ ਕੁੱਝ ਸਟੋਨੀ ਕ੍ਰੀਕ, ਕਿਚਨਰ, ਕੇਲਡਨ, ਬ੍ਰੈਡਫੋਰਡ ਤੇ ਗ੍ਰੇਵਨਹਰਸਟ ਨਾਲ ਵੀ ਸਬੰਧਤ ਹਨ।
ਇਨ੍ਹਾਂ ਉੱਤੇ 240 ਚਾਰਜਿਜ਼ ਲਾਏ ਗਏ। ਜਾਂਚ ਦੌਰਾਨ ਪੁਲਿਸ ਨੇ 44 ਸਰਚ ਵਾਰੰਟਸ ਉੱਤੇ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਨੂੰ ਛੇ ਹਥਿਆਰ, 230 ਗ੍ਰਾਮ ਫੈਂਟਾਨਿਲ, 1840 ਗ੍ਰਾਮ ਕੋਕੀਨ, 77 ਕਿੱਲੋ ਹੋਰ ਨਸ਼ੀਲੇ ਪਦਾਰਥ, 150 ਗ੍ਰਾਮ ਕੈਨਾਬਿਸ ਰੇਜਿ਼ਨ ਤੇ 10 ਗ੍ਰਾਮ ਸਿਲੋਸੀਬਿਨ ਬਰਾਮਦ ਕੀਤੀ। ਪੁਲਿਸ ਨੂੰ 160,000 ਡਾਲਰ ਨਕਦੀ ਤੇ 8400 ਡਾਲਰ ਅਮਰੀਕੀ ਕਰੰਸੀ ਵੀ ਬਰਾਮਦ ਹੋਈ। ਦੋ ਮਨੀਕਾਊਂਟਰਜ਼ ਤੇ ਦੋ ਲੇਜ਼ਰ ਤਿਆਰ ਕਰਨ ਵਾਲੀਆਂ ਮਸ਼ੀਨਾਂ ਵੀ ਮਿਲੀਆਂ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਨੁਸਾਰ 22 ਮਹੀਨੇ ਚੱਲੀ ਜਾਂਚ ਨੂੰ ਪ੍ਰੋਜੈਕਟ ਮਾਇਰਾ ਦਾ ਨਾਂ ਦਿੱਤਾ ਗਿਆ ਸੀ।ਇਸ ਪੋ੍ਰਜੈਕਟ ਨੂੰ ਸਤੰਬਰ 2020 ਵਿੱਚ ਉਸ ਸਮੇਂ ਸ਼ੁਰੂ ਕੀਤਾ ਗਿਆ ਜਦੋਂ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਭਾਂਡਾ ਫੋੜਿਆ ਸੀ। ਇਸ ਨੈੱਟਵਰਕ ਤਹਿਤ ਚੋਰੀ ਕੀਤੀਆਂ ਗੱਡੀਆਂ ਨੂੰ ਮੌਡੀਫਾਈ ਕੀਤਾ ਜਾਂਦਾ ਸੀ ਤੇ ਉਨ੍ਹਾਂ ਦੇ ਆਈਡੈਂਟੀਫਿਕੇਸ਼ਨ ਨੰਬਰ (ਵਿੰਨਜ਼) ਨੂੰ ਬਦਲ ਕੇ ਉਨ੍ਹਾਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਸੀ। ਪੁਲਿਸ ਨੇ ਦੱਸਿਆ ਕਿ ਇਹ ਚੋਰੀਆਂ ਮੁੱਖ ਤੌਰ ਉੱਤੇ ਓਨਟਾਰੀਓ ਵਿੱਚ ਕੀਤੀਆਂ ਗਈਆਂ।
ਇਸ ਜਾਂਚ ਤਹਿਤ ਪੁਲਿਸ ਨੇ 215 ਗੱਡੀਆਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਕੀਮਤ 12 ਮਿਲੀਅਨ ਡਾਲਰ ਤੋਂ ਵੀ ਵੱਧ ਸੀ। ਜਾਂਚਕਾਰਾਂ ਅਨੁਸਾਰ ਬਰਾਮਦ ਕੀਤੀਆਂ ਗਈਆਂ ਗੱਡੀਆਂ ਵਿੱਚੋਂ 37 ਫੀ ਸਦੀ ਐਕੂਰਾਜ਼ ਜਾਂ ਹੌਂਡਾ ਗੱਡੀਆਂ ਸਨ। ਵੀਰਵਾਰ ਨੂੰ ਕੀਤੀ ਗਈ ਨਿਊਜ਼ ਕਾਨਫਰੰਸ ਵਿੱਚ ਓਪੀਪੀ ਦੇ ਡਿਪਟੀ ਕਮਿਸ਼ਨਰ ਚੱਕ ਕੌਕਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਗੱਡੀਆਂ ਵਿੱਚ ਕਈ ਲਗਜ਼ਰੀ ਕਾਰਾਂ ਵੀ ਹਨ। ਇਨ੍ਹਾਂ ਚੋਰੀ ਦੀਆਂ ਗੱਡੀਆਂ ਵਿੱਚੋਂ ਕੁੱਝ ਗੱਡੀਆਂ ਦੀ ਵਰਤੋਂ ਹੋਰਨਾਂ ਮੁਜਰਮਾਨਾਂ ਗਤੀਵਿਧੀਆਂ ਲਈ ਵੀ ਕੀਤੀ ਜਾਂਦੀ ਸੀ।