ਟੋਰੌਂਟੋ ਦੇ ਕੁਝ ਪਾਰਕਾਂ ‘ਚ ਸ਼ਰਾਬ ਪੀਣ ਦੀ ਮਿਲੀ ਆਗਿਆ
ਟੋਰੌਂਟੋ ਦੇ 27 ਪਾਰਕਾਂ ਵਿਚ ਲੋਕਾਂ ਨੂੰ ਸ਼ਰਾਬ ਪੀਣ ਦੀ ਖੁੱਲ੍ਹ ਦਿੱਤੀ ਗਈ ਹੈ। ਸਿਟੀ ਪਾਰਕਾਂ ਵਿਚ ਸ਼ਰਾਬਨੋਸ਼ੀ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜਾਂ ਨਹੀਂ, ਇਹ ਬਹਿਤ ਸਿਟੀ ਕੌਂਸਲ ਵਿਚ ਪਿਛਲੇ ਕਈ ਸਾਲਾਂ ਤੋਂ ਚਲ ਰਹੀ ਹੈ। ਪਰ ਇਸ ਸਾਲ ਇੱਕ ਨਵੀਂ ਤਰਕੀਬ ਪ੍ਰਸਤਾਵਿਤ ਹੋਈ ਸੀ, ਜਿਸ ਵਿਚ 2 ਅਗਸਤ ਤੋਂ 9 ਅਕਤੂਬਰ ਤੱਕ ਇੱਕ ਪਾਇਲਟ ਪ੍ਰੋਗਰਾਮ ਦੇ ਤੌਰ ‘ਤੇ ਕੁਝ ਪਾਰਕਾਂ ਵਿਚ ਸ਼ਰਾਬ ਪੀਣ ਦੀ ਆਗਿਆ ਦਿੱਤੀ ਗਈ ਹੈ।
ਇਹ ਪ੍ਰਸਤਾਵ ਲਿਆਉਣ ਵਾਲੇ ਕੌਂਸਲਰਾਂ ਵਿਚੋਂ ਇੱਕ ਕ੍ਰਿਸ ਮੋਇਸ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਪਹਿਲਕਦਮੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਹੋਰ ਸ਼ਹਿਰਾਂ ਜਿਵੇਂ ਵੈਨਕੂਵਰ, ਕੈਲਗਰੀ, ਐਡਮੰਟਨ ਅਤੇ ਮੌਂਟ੍ਰੀਅਲ ਵਿਚ ਵੀ ਇਸ ਤਰ੍ਹਾਂ ਦੇ ਪਾਇਲਟ ਪ੍ਰੋਗਰਾਮ ਚਲਾਏ ਗਏ ਸਨ ਅਤੇ ਉਹ ਸਫਲ ਰਹੇ ਸਨ। ਉਨ੍ਹਾਂ ਉਮੀਦ ਜਤਾਈ ਕਿ ਟੋਰੌਂਟੋ ਵਿਚ ਵੀ ਇਹ ਪ੍ਰੋਗਰਾਮ ਸਫਲ ਰਹੇਗਾ।
ਟੋਰੌਂਟੋ ਸਿਟੀ ਕੌਂਸਲ ਨੇ 19 ਜੁਲਾਈ ਨੂੰ ਇਹ ਪਾਇਲਟ ਪ੍ਰੋਗਰਾਮ ਮਨਜ਼ੂਰ ਕੀਤਾ ਸੀ। ਇਸ ਦੇ ਤਹਿਤ ਟੋਰੌਂਟੋ ਦੇ 27 ਪਾਰਕਾਂ ਵਿਚ 19 ਸਾਲ ਅਤੇ ਉਸਤੋਂ ਵੱਧ ਉਮਰ ਦੇ ਲੋਕ ਸਿਟੀ ਦੇ ਪਾਰਕਾਂ ਵਿਚ ਸ਼ਰਾਬ ਦਾ ਸੇਵਨ ਕਰ ਸਕਦੇ ਹਨ। ਖੇਡਣ ਦੀ ਜਗ੍ਹਾਂ ਜਾਂ ਪਾਣੀ ਵਾਲੇ ਪੂਲ ਦੇ ਦੋ ਮੀਟਰ ਦੇ ਦਾਇਰੇ ਦੇ ਅੰਦਰ ਸ਼ਰਾਬਨੋਸ਼ੀ ਦੀ ਆਗਿਆ ਨਹੀਂ ਹੈ। ਸੀਬੀਸੀ ਨੂੰ ਦਿੱਤੇ ਇੱਕ ਬਿਆਨ ਵਿਚ ਸਿਟੀ ਔਫ਼ ਟੋਰੌਂਟੋ ਨੇ ਕਿਹਾ ਕਿ ਇਸ ਪਾਇਲਟ ਪ੍ਰੋਗਰਾਮ ਤਹਿਤ ਉਨ੍ਹਾਂ ਪਾਰਕਾਂ ਨੂੰ ਚੁਣਿਆ ਗਿਆ ਹੈ ਜਿੱਥੇ ਵਾਸ਼ਰੂਮ ਅਤੇ ਪੀਣ ਦਾ ਪਾਣੀ ਉਪਲਬਧ ਹੈ।
ਪਾਰਕਾਂ ਦੀ ਸੂਚੀ:
ਕੈਂਪਬੈਲ ਐਵਨਿਊ ਪਲੇਅਗਰਾਊਂਡ ਐਂਡ ਪਾਰਕ, ਸੀਡਰਵੇਲ ਪਾਰਕ, ਕ੍ਰਿਸਟੀ ਪਿਟਸ ਪਾਰਕ, ਕੌਰਕਟਾਊਨ ਕੌਮਨ, ਡੋਵਰਕੋਰਟ ਪਾਰਕ, ਡਫ਼ਰਿਨ ਗਰੋਵ ਪਾਰਕ, ਅਰਲਜ਼ਕੋਰਟ ਪਾਰਕ, ਈਸਟ ਟੋਰੌਂਟੋ ਅਥਲੈਟਿਕ ਫ਼ੀਲਡ, ਐਗਲਿੰਟਨ ਪਾਰਕ, ਗ੍ਰੀਨਵੁਡ ਪਾਰਕ, ਹਿਲ ਕ੍ਰੈਸਟ ਪਾਰਕ, ਜੂਨ ਰੋਲੈਂਡਜ਼ ਪਾਰਕ, ਲੀ ਲਾਈਫ਼ਸਨ ਆਰਟਸ ਪਾਰਕ, ਮੈਕਲੀਅਰੀ ਪਾਰਕ, ਮਿਲਾਈਕਨ ਪਾਰਕ, ਮੋਨਾਰਕ ਪਾਰਕ, ਮੌਰਨਿੰਗਸਾਈਡ ਪਾਰਕ, ਨੀਲਸਨ ਪਾਰਕ – ਸਕਾਰਬ੍ਰੋਅ, ਓਰੀਓਲ ਪਾਰਕ, ਕੁਈਨਜ਼ ਪਾਰਕ, ਰਿਵਰਡੇਲ ਪਾਰਕ ਪਾਰਕ, ਰਾਊਂਡਹਾਊਸ ਪਾਰਕ, ਸਕਾਈਮਾਰਕ ਪਾਰਕ, ਸਰ ਵਿੰਸਟਨ ਚਰਚਿਲ ਪਾਰਕ, ਟ੍ਰਿਨਿਟੀ ਬੈਲਵੁੱਡਜ਼ ਪਾਰਕ, ਅੰਡਰਪਾਸ ਪਾਰਕ, ਵਿਦਰੋਅ ਪਾਰਕ
ਸੀਬੀਸੀ ਨਿਊਜ਼