ਬਰੈਂਪਟਨ: ਟ੍ਰਕਿੰਗ ਕੰਪਨੀ ’ਤੇ ਕੁਝ ਵਰਕਰਾਂ ਵੱਲੋਂ ਲੱਖਾਂ ਦੀ ਲੈਣਦਾਰੀ ਹੋਣ ਦਾ ਦਾਅਵਾ
ਬਰੈਂਪਟਨ ਦੀ ਇਕ ਟ੍ਰਕਿੰਗ ਕੰਪਨੀ ’ਤੇ ਕਾਮਿਆਂ ਦੁਆਰਾ ਇਕ ਲੱਖ ਡਾਲਰ ਤੋਂ ਵਧੇਰੇ ਦੀ ਤਨਖ਼ਾਹ ਮਾਰਨ ਦੇ ਦੋਸ਼ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਦਰਜਨ ਤੋਂ ਵਧੇਰੇ ਕਾਮਿਆਂ ਵੱਲੋਂ ਬ੍ਰੈਂਪਟਨ ਦੀ ਸੌਂਧ ਟ੍ਰਕਿੰਗ ਕੰਪਨੀ ਤੋਂ ਕਰੀਬ $115,000 ਦੀ ਤਨਖ਼ਾਹ ਅਤੇ ਹੋਰ ਭੱਤੇ ਲੈਣ ਲਈ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ।
ਕਾਨੂੰਨੀ ਚਾਰਾਜੋਈ ਵਿੱਚ ਇਹਨਾਂ ਕਾਮਿਆਂ ਦਾ ਸਹਿਯੋਗ ਦੇ ਰਹੀ ਲੇਬਰ ਕਮਿਊਨਟੀ ਆਫ਼ ਪੀਲ ਦੀ ਅਗਜ਼ੈਕਟਿਵ ਡਾਇਰੈਕਟਰ ਨਵੀ ਔਜਲਾ ਦਾ ਕਹਿਣਾ ਹੈ ਕਿ ਉਹਨਾਂ ਕੋਲ ਉਕਤ ਕੰਪਨੀ ਦੇ 21 ਕਾਮਿਆਂ ਵੱਲੋਂ ਪਹੁੰਚ ਕੀਤੀ ਗਈ ਹੈ। ਲੰਘੇ ਸਾਲ ਤਨਖ਼ਾਹਾਂ ਲੈਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ 4 ਕਾਮਿਆਂ ਨੂੰ ਤਨਖ਼ਾਹ ਦੇਣ ਲਈ ਹੁਕਮ ਵੀ ਜਾਰੀ ਹੋ ਗਏ ਸਨ। ਕਾਮਿਆਂ ਦਾ $115,000 ਤੋਂ ਵੱਧ ਦੀ ਲੈਣਦਾਰੀ ਹੋਣ ਦਾ ਦਾਅਵਾ ਹੈ। ਵਰਕਰ ਲੇਬਰ ਮਨਿਸਟਰੀ ਨੂੰ ਸੰਪਰਕ ਕਰਨ ਤੋਂ ਇਲਾਵਾ ਫ਼ੈਡਰਲ ਲੇਬਰ ਪ੍ਰੋਗਰਾਮ ਨਾਲ ਵੀ ਇਸ ਬਾਰੇ ਵਿਚ ਰਾਬਤਾ ਕਾਇਮ ਕਰ ਚੁੱਕੇਹਨ।ਕੰਪਨੀ ਪੁਰਾਣੇ ਕਾਮਿਆਂ ਦੇ ਪੈਸੇ ਦੇਣ ਦੀ ਬਜਾਏ ਹੋਰ ਕਾਮੇ ਰੱਖ ਰਹੀ ਹੈ ਅਤੇ ਕੰਪਨੀ ਉੱਪਰ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ ਹਨ। ਉਹਨਾਂ ਕਿਹਾ ਕਿ ਲੇਬਰ ਮਨਿਸਟਰੀ ਵੱਲੋਂ ਕਾਮਿਆਂ ਦੇ ਹੱਕਾਂ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ ਹਨ।