ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲ੍ਹੀ ਨੂੰ ਬ੍ਰੈਂਪਟਨ ਦੇ ਸਭ ਤੋਂ ਵੱਡੇ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
ਸਿਟੀ ਔਫ਼ ਬ੍ਰੈਂਪਟਨ ਵੱਲੋਂ ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲ੍ਹੀ ਨੂੰ ਸਿਟੀ ਦੇ ਸਭ ਤੋਂ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਅਪ੍ਰੈਲ ਮਹੀਨੇ ਨੂੰ ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ । ਇਸੇ ਮਹੀਨੇ ਨੂੰ ਮਨਾਉਣ ਦੇ ਸਿਲਸਿਲੇ ਵਿਚ 18 ਅਪ੍ਰੈਲ ਨੂੰ ਬ੍ਰੈਂਪਟਨ ਵਿੱਖੇ ਗੁਰਬਖ਼ਸ ਸਿੰਘ ਮੱਲ੍ਹੀ ਨੂੰ ਸਿੱਖ ਭਾਈਚਾਰੇ ਲਈ ਪਾਏ ਯੋਗਦਾਨ ਲਈ ਇਹ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ ਹੈ।
ਬ੍ਰੈਂਪਟਨ ਸਿਟੀ ਵੱਲੋਂ ਮੱਲ੍ਹੀ ਨੂੰ ਸਨਮਾਨ ਲਈ ਚੁਣਿਆ ਗਿਆ ਹੈ। ਸਿਟੀ ਵੱਲੋਂ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਨਮਾਨ ਸ਼ਹਿਰ ਦੇ ਉਨ੍ਹਾਂ ਸਨਮਾਨਯੋਗ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸ਼ਹਿਰ ਦੇ ਨਿਵਾਸੀਆਂ ਦੇ ਜੀਵਨ ‘ਤੇ ਅਹਿਮ ਪ੍ਰਭਾਵ ਪਾਇਆ ਹੋਵੇ। ਇਹ ਸਨਮਾਨ ਮੇਅਰ ਦੀ ਇੱਛਾ ‘ਤੇ ਦਿੱਤਾ ਜਾਂਦਾ ਹੈ। ਗੁਰਬਖਸ਼ ਮੱਲ੍ਹੀ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਸਨ। ਮੱਲ੍ਹੀ , 1993 ਦੌਰਾਨ ਪਹਿਲੀ ਵਾਰ ਐਮ ਪੀ ਚੁਣੇ ਗਏ ਸਨ। ਹਾਲ ਹੀ ਵਿਚ ਗੁਰਬਖਸ਼ ਮੱਲ੍ਹੀ ਦੇ ਨਾਮ ‘ਤੇ ਬ੍ਰੈਂਪਟਨ ਵਿੱਚ ਪਾਰਕ ਦਾ ਨਾਮ ਵੀ ਰੱਖਿਆ ਗਿਆ ਹੈ।
ਦੱਸ ਦਈਏ ਕਿ ਗੁਰਬਖ਼ਸ਼ ਸਿੰਘ ਮੱਲ੍ਹੀ ਲਗਾਤਾਰ 18 ਸਾਲ ਐਮਪੀ ਰਹੇ। ਉਨ੍ਹਾਂ ਦੇ ਐਮਪੀ ਬਣਨ ਨੇ ਘੱਟ ਗਿਣਤੀ ਲੋਕਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਰਲੀਮੈਂਟ ਦੇ ਦਰਵਾਜ਼ੇ ਖੋਲ੍ਹ ਦਿੱਤੇ।ਸਿੱਖ ਹੈਰੀਟੇਜ ਮੰਥ ਨੂੰ ਮਨਾਉਂਦਿਆਂ 18 ਅਪ੍ਰੈਲ ਨੂੰ ਸਿਟੀ ਔਫ਼ ਬ੍ਰੈਂਪਟਨ ਵਿਚ ਸੂਬੇ ਭਰ ਦੀਆਂ ਮਿਉਂਸਿਪੈਲਟੀਆਂ ਵਿਚ ਚੁਣੇ ਗਏ ਸਿੱਖ ਮੈਂਬਰਾਂ ਦੇ ਇੱਕ ਪੇਨਲ ਡਿਸਕਸ਼ਨ ਦਾ ਵੀ ਆਯੋਜਨ ਕੀਤਾ ਗਿਆ ਹੈ।