GTA News Media

Top Info Bar
22.1°C Toronto Loading date...
Canada Punjab World

ਅਮਰੀਕਾ ’ਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਧੀ

ਅਮਰੀਕਾ ’ਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਧੀ
Share this post via:

ਕੈਨੇਡਾ ਦੇ ਵੀਜ਼ੇ ਨਾਲ ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿੱਚ ਬੇਹੱਦ ਵਧ ਗਈ ਹੈ। 2021 ਵਿੱਚ ਜਿੱਥੇ ਸਿਰਫ 390 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੇ ਉਤਰੀ ਬਾਰਡਰ ’ਤੇ ਰੋਕਿਆ ਗਿਆ ਸੀ, ਉਥੇ 2023 ਦੇ ਜੂਨ ਮਹੀਨੇ ਵਿੱਚ ਇਹ ਅੰਕੜਾ 5,152 ਤੱਕ ਪਹੁੰਚ ਗਿਆ ਹੈ, ਜੋ ਕਿ 13 ਗੁਣਾ ਵਾਧਾ ਦਰਸਾਉਂਦਾ ਹੈ। ਇਸ ਰੁਝਾਨ ਨੇ ਅਮਰੀਕੀ ਇਮਿਗ੍ਰੇਸ਼ਨ ਅਥਾਰਟੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਭਾਰਤੀ ਨਾਗਰਿਕਾਂ ਨੇ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰਕੇ ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਕਈ ਮਾਮਲਿਆਂ ਵਿੱਚ, ਇਹ ਵਿਅਕਤੀ ਦਿੱਲੀ ਤੋਂ ਯੂ.ਕੇ. ਰਾਹੀਂ ਕੈਨੇਡਾ ਆਉਂਦੇ ਹਨ ਅਤੇ ਹੀਥਰੋਅ ਹਵਾਈ ਅੱਡੇ ’ਤੇ ਪਹੁੰਚਦੇ ਹੀ ਅਸਾਇਲਮ ਦੇ ਦਾਅਵੇ ਕਰਦੇ ਹਨ। ਇਸ ਰੁਝਾਨ ’ਤੇ ਕੈਨੇਡਾ ਦੇ ਇਮਿਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਆਈ ਹੈ।

ਯੂ.ਕੇ. ਵਿੱਚ ਭਾਰਤੀਆਂ ਦੀ ਪਨਾਹ ਮੰਗਣ ਦੀਆਂ ਕੋਸ਼ਿਸ਼ਾਂ

ਇਮਿਗ੍ਰੇਸ਼ਨ ਮਾਹਰਾਂ ਦੇ ਅਨੁਸਾਰ, ਅਮਰੀਕਾ ਦੇ ਉਤਰੀ ਬਾਰਡਰ ’ਤੇ ਸਖ਼ਤੀ ਦੇ ਕਾਰਨ ਕੁਝ ਭਾਰਤੀ ਯੂ.ਕੇ. ਦੀ ਫਲਾਈਟ ਚੁਣ ਕੇ ਉੱਥੇ ਪਹੁੰਚਣ ’ਤੇ ਅਸਾਇਲਮ ਮੰਗ ਰਹੇ ਹਨ। ਆੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਯੂ.ਕੇ. ਵਿੱਚ ਅਸਾਇਲਮ ਦੀ ਮੰਗ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵੀ ਢਾਈ ਗੁਣਾ ਵਧ ਗਈ ਹੈ। ਯੂ.ਕੇ. ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਇਸ ਰੁਝਾਨ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕੈਨੇਡਾ ਦੇ ਇਮਿਗ੍ਰੇਸ਼ਨ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ ਹੈ।

ਅਮਰੀਕਾ ’ਚ ਨਵੇਂ ਨਿਯਮਾਂ ਦੀ ਸਖ਼ਤੀ

ਅਮਰੀਕਾ ਨੇ ਸੇਫ ਥਰਡ ਕੰਟਰੀ ਐਗਰੀਮੈਂਟ ਵਿੱਚ ਕੁਝ ਨਵੇਂ ਬਦਲਾਅ ਕੀਤੇ ਹਨ, ਜਿਸ ਨਾਲ ਪਨਾਹ ਮੰਗਣ ਵਾਲੇ ਪ੍ਰਵਾਸੀਆਂ ਲਈ ਨਿਯਮ ਕੜੇ ਹੋ ਗਏ ਹਨ। ਹੁਣ ਪ੍ਰਵਾਸੀਆਂ ਨੂੰ ਆਪਣੇ ਵਕੀਲ ਨਾਲ ਸਲਾਹ-ਮਸ਼ਵਰਾ ਕਰਨ ਲਈ ਸਿਰਫ ਚਾਰ ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ, ਜੋ ਕਿ ਪਹਿਲਾਂ 24 ਘੰਟੇ ਸੀ। ਇਨ੍ਹਾਂ ਨਵੇਂ ਨਿਯਮਾਂ ਨੇ ਅਸਾਇਲਮ ਦੇ ਦਾਅਵਿਆਂ ਨੂੰ ਧੜਾਧੜ ਰੱਦ ਕਰਨ ਵਿੱਚ ਅਮਰੀਕਾ ਦੀ ਸਰਕਾਰ ਦੀ ਮਦਦ ਕੀਤੀ ਹੈ।

ਕੈਨੇਡਾ ਅਤੇ ਅਮਰੀਕਾ ਦੇ ਮੱਤਭੇਦ

ਕੈਨੇਡਾ ਦੇ ਵੀਜ਼ੇ ਨਾਲ ਯੂ.ਕੇ. ਵਿੱਚ ਪਨਾਹ ਮੰਗਣ ਵਾਲੇ ਭਾਰਤੀ, ਕੈਨੇਡਾ ਅਤੇ ਅਮਰੀਕਾ ਵਿਚਾਲੇ ਹੋਈ ਸੰਧੀ ਦੇ ਤਹਿਤ, ਜਿਹੜੇ ਮੁਲਕ ਵਿੱਚ ਪਹਿਲਾ ਕਦਮ ਰੱਖਣਗੇ, ਉਹਨਾਂ ਨੂੰ ਅਸਾਇਲਮ ਦੇ ਦਾਅਵੇ ਵੀ ਉਸੇ ਮੁਲਕ ਵਿੱਚ ਕਰਨੇ ਪੈਂਦੇ ਹਨ। ਇਸ ਨਾਲ ਕੈਨੇਡਾ ਤੋਂ ਅਮਰੀਕਾ ਵਿੱਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਅਮਰੀਕਾ ਇਸ ਕੜੀਆਂ ਨੂੰ ਲੰਘਣ ਨਹੀਂ ਦੇ ਰਿਹਾ।

ਅਮਰੀਕਾ ਦੇ ਦੱਖਣੀ ਬਾਰਡਰ ਦੇ ਰਾਹੀਂ ਵੀ ਅਸਾਇਲਮ ਦੇ ਦਾਅਵੇ ਵਿੱਚ ਵਾਧਾ ਹੋ ਰਿਹਾ ਹੈ। ਇਸ ਵਰ੍ਹੇ ਦੇ ਦੌਰਾਨ 13 ਲੱਖ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋ ਚੁੱਕੇ ਹਨ, ਜਦਕਿ ਸਿਰਫ ਜੂਨ ਮਹੀਨੇ ਵਿੱਚ 83,000 ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਕਾਬੂ ਕੀਤਾ ਗਿਆ। ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ, ਇਹ ਮੁੱਦਾ ਅਮਰੀਕਾ ਵਿੱਚ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਰਿਹਾ ਹੈ।