ਆਪਸ ‘ਚ ਟਕਰਾਈਆਂ 35 ਗੱਡੀਆਂ, 2 ਲੋਕਾਂ ਦੀ ਮੌਤ
ਲਾਸ ਏਂਜਲਸ- ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਤੋਂ ਬਾਅਦ ਇਕ 35 ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਕੇਰਨ ਕਾਉਂਟੀ ‘ਚ ਦੱਖਣ ਵੱਲ ਜਾਣ ਵਾਲਾ ਅੰਤਰਰਾਜੀ ਮਾਰਗ ਐਤਵਾਰ ਸਵੇਰ ਤੱਕ 24 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ।
ਸਥਾਨਕ ਨਿਊਜ਼ ਚੈਨਲ ਮੁਤਾਬਕ ਲਾਸ ਏਂਜਲਸ ਤੋਂ ਲਗਭਗ 170 ਕਿਲੋਮੀਟਰ ਉੱਤਰ ‘ਚ ਬੇਕਰਸਫੀਲਡ ਕੋਲ ਦੱਖਣ ਵੱਲ ਸਥਾਨਕ ਸਮੇਂ ਮੁਤਾਬਕ ਸਵੇਰੇ 7:30 ਵਜੇ ਹੋਈ ਟੱਕਰ ਲਈ ਐਮਰਜੈਂਸੀ ਟੀਮ ਨੂੰ ਬੁਲਾਇਆ ਗਿਆ ਅਤੇ ਫਿਰ ਘੋਸ਼ਣਾ ਕੀਤੀ ਗਈ ਕਿ ਹਫੜਾ-ਦਫੜੀ ਵਾਲੇ ਹਾਲਾਤਾਂ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ 35 ਵਾਹਨ ਸ਼ਾਮਲ ਸਨ, ਜਿਨ੍ਹਾਂ ‘ਚ 17 ਯਾਤਰੀ ਵਾਹਨ ਅਤੇ 18 ਵੱਡੀਆਂ ਗੱਡੀਆਂ ਸ਼ਾਮਲ ਸਨ।
ਇਹ ਹਾਦਸਾ ਧੁੰਦ ਕਾਰਨ ਵਾਪਰਿਆ ਅਤੇ ਵਿਜ਼ੀਬਿਲਟੀ ਲਗਭਗ ਤਿੰਨ ਮੀਟਰ ਤੱਕ ਘੱਟ ਗਈ ਸੀ। ਟਰਾਂਸਪੋਰਟ ਵਿਭਾਗ ਮੁਤਾਬਕ ਜਾਂਚ ਅਤੇ ਸਫਾਈ ਦੇ ਕਾਰਨ ਐਤਵਾਰ ਸਵੇਰੇ 11:00 ਵਜੇ ਤੱਕ ਖੇਤਰ ਵਿਚ I-5 ਦੀਆਂ ਦੱਖਣੀ ਪਾਸੇ ਦੇ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਸੀ।ਹਾਦਸੇ ‘ਚ ਸ਼ਾਮਲ ਡਰਾਈਵਰ ਨੇ ਦੱਸਿਆ ਕਿ ਉਹ ਆਪਣੇ ਜੀ. ਪੀ. ਐਸ ‘ਤੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਰੁਕ ਗਈ। ਦੋ ਮਿੰਟ ਬਾਅਦ ਉਸ ਦੇ ਪਿੱਛੇ ਆ ਰਹੀ ਕਾਰ ਉਸ ਨਾਲ ਟਕਰਾ ਗਈ ਅਤੇ ਉਦੋਂ ਹੀ ਸਭ ਕੁਝ ਤੇਜ਼ੀ ਨਾਲ ਵਾਪਰਿਆ।