ਆਸਟ੍ਰੇਲੀਆ ‘ਚ ਪਹਿਲੀਆਂ 10 ਭਾਸ਼ਾਵਾਂ ‘ਚ ਪੰਜਾਬੀ ਸ਼ਾਮਿਲ
ਆਸਟ੍ਰੇਲੀਆ ‘ਚ ਪੰਜਾਬੀ ਭਾਸ਼ਾ ਨੂੰ ਉਥੋਂ ਦੀਆਂ ਪਹਿਲੀਆਂ 10 ਭਾਸ਼ਾਵਾਂ ‘ਚ ਸ਼ਾਮਿਲ ਕਰ ਲਿਆ ਗਿਆ ਹੈ। ਹੁਣ ਆਸਟ੍ਰੇਲੀਆ ਵਿਚ ਰਹਿਣ ਵਾਲੇ ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੰਜਾਬੀ ਪੜ੍ਹ ਸਕਣਗੇ। ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ’ਚ ਦੂਜੇ ਦੇਸ਼ਾਂ ਤੋਂ ਜਾ ਕੇ ਰਹਿ ਰਹੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਉਥੋਂ ਦੀ ਸਰਕਾਰ ਨੇ ਪੰਜਾਬੀ ਵਿਸ਼ੇ ਨੂੰ ਵਾਧੂ ਵਿਸ਼ੇ ਵਜੋਂ ਮਾਨਤਾ ਦਿੱਤੀ ਹੈ। ਪੰਜਾਬੀ ਭਾਸ਼ਾ ਦੇ ਇਛੁੱਕ ਵਿਦਿਆਰਥੀ ਆਪਣੀ ਮਾਂ ਬੋਲੀ ਦਾ ਵਿਸ਼ਾ ਰੱਖ ਕੇ ਉਸ ਦੀ ਪੜ੍ਹਾਈ ਕਰ ਸਕਦੇ ਹਨ।
ਦਸਣਯੋਗ ਹੈ ਕਿ ਆਸਟ੍ਰੇਲੀਆ ਦੇ ਸਕੂਲਾਂ ‘ਚ ਪੰਜਾਬੀ ਵਿਸ਼ੇ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਾਉਣ ਲਈ ਹਫ਼ਤੇ ਦਾ ਆਖ਼ਰੀ ਦਿਨ ਮਿੱਥਿਆ ਗਿਆ ਹੈ। ਅਧਿਆਪਕਾਂ ਵੱਲੋਂ ਹਫ਼ਤੇ ਦੇ ਆਖ਼ਰੀ ਇਕ ਦਿਨ ਪੂਰੇ ਹਫ਼ਤੇ ਦੀ ਪੜ੍ਹਾਈ ਕਰਵਾਈ ਜਾਵੇਗੀ। ਇਸ ਨਾਲ ਵਿਦੇਸ਼ਾਂ ਤੋਂ ਆਏ ਲੋਕ ਆਸਟ੍ਰੇਲੀਆ ’ਚ ਰਹਿ ਕੇ ਵੀ ਆਪਣੀ ਮਾਤ-ਭਾਸ਼ਾ ਨਾਲ ਜੁੜੇ ਰਹਿ ਸਕਦੇ ਹਨ।