ਇਜ਼ਰਾਈਲ-ਹਮਾਸ ਸੰਘਰਸ਼: ਪਹਿਲੀ ਵਾਰੀ ਖੋਲੀ ਗਈ ਰਫ਼ਾਹ ਬਾਰਡਰ ਕਰਾਸਿੰਗ
ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰੀ 400 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਗਾਜ਼ਾ ਚੋਂ ਬਾਹਰ ਨਿਕਲਣ ਦੀ ਇਜਾਜ਼ਤ ਮਿਲੀ ਹੈ, ਹਾਲਾਂਕਿ ਇਸ ਸੂਚੀ ਵਿਚ ਕੈਨੇਡੀਅਨ ਨਾਗਰਿਕ ਸ਼ਾਮਲ ਨਹੀਂ ਹਨ। ਸੈਂਕੜੇ ਵਿਦੇਸ਼ੀ ਪਾਸਪੋਰਟ ਧਾਰਕਾਂ ਨੂੰ ਗਾਜ਼ਾ ਤੋਂ ਮਿਸਰ ਵੱਲ ਨੂੰ ਰਵਾਨਾ ਹੋਣ ਦੀ ਇਜਾਜ਼ਤ ਦੇਣ ਲਈ ਬੁੱਧਵਾਰ ਨੂੰ ਇੱਕ ਸਮਝੌਤਾ ਹੋਇਆ ਜਾਪਦਾ ਹੈ। ਗਾਜ਼ਾ ਵਿੱਚ ਬਾਰਡਰ ਕਰਾਸਿੰਗ ਲਈ ਜਨਰਲ ਅਥਾਰਟੀ ਨੇ ਉਹਨਾਂ ਲੋਕਾਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਜਿਨ੍ਹਾਂ ਨੂੰ ਗਾਜ਼ਾ ਚੋਂ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਵਿੱਚ ਆਸਟ੍ਰੇਲੀਆ, ਆਸਟ੍ਰੀਆ, ਬੁਲਗਾਰੀਆ, ਚੈੱਕ ਰਿਪਬਲਿਕ, ਫਿਨਲੈਂਡ, ਇੰਡੋਨੇਸ਼ੀਆ, ਜਾਪਾਨ ਅਤੇ ਜੌਰਡਨ ਦੇ ਨਾਗਰਿਕ ਸ਼ਾਮਲ ਹਨ।
ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਹ ਗਾਜ਼ਾ ਤੋਂ ਬਾਹਰ ਨਿਕਲਣ ਵਿਚ ਕੈਨੇਡੀਅਨਜ਼ ਦੀ ਮਦਦ ਕਰਨ ਲਈ ਕੰਮ ਕਰ ਰਹੀ ਹੈ ਅਤੇ ਇਸ ਬਾਰੇ ਅੱਪਡੇਟ ਪ੍ਰਦਾਨ ਕਰਨ ਲਈ ਕੈਨੇਡੀਅਨਜ਼ ਨਾਲ ਸਿੱਧਾ ਸੰਪਰਕ ਕਰ ਰਹੀ ਹੈ ਕਿ ਰਫ਼ਾਹ ਬਾਰਡਰ ਕਰਾਸਿੰਗ ਰਾਹੀਂ ਮਿਸਰ ਲਈ ਕਿਵੇਂ ਅਤੇ ਕਦੋਂ ਰਵਾਨਾ ਹੋਣਾ ਸੰਭਵ ਹੋਵੇਗਾ। ਹਾਲ ਹੀ ਦੇ ਦਿਨਾਂ ਵਿੱਚ ਇੱਕ ਦੂਜੇ ਬਲੈਕਆਊਟ ਤੋਂ ਬਾਅਦ ਗਾਜ਼ਾ ਵਿੱਚ ਸੰਚਾਰ ਬਹਾਲ ਹੋਣੇ ਸ਼ੁਰੂ ਹੋ ਗਏ ਹਨ। ਸਹਾਇਤਾ ਏਜੰਸੀਆਂ ਨੇ ਆਗਾਹ ਕੀਤਾ ਹੈ ਕਿ ਬਲੈਕਆਊਟ ਕਰਕੇ ਪਹਿਲਾਂ ਹੀ ਗੰਭੀਰ ਸਥਿਤੀ ਵਿੱਚ ਉਨ੍ਹਾਂ ਦੇ ਕੰਮ ਵਿੱਚ ਬੁਰੀ ਤਰ੍ਹਾਂ ਰੁਕਾਵਟ ਪੈਂਦੀ ਹੈ।
ਗਲੋਬਲ ਅਫ਼ੇਅਰਜ਼ ਕੈਨੇਡਾ ਨੇ ਕਿਹਾ ਹੈ ਕਿ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ 65 ਕੈਨੇਡੀਅਨ ਨਾਗਰਿਕਾਂ, ਪਰਮਾਨੈਂਟ ਰੈਜ਼ੀਡੈਂਟਸ ਅਤੇ ਯੋਗ ਪਰਿਵਾਰਕ ਮੈਂਬਰਾਂ ਨੂੰ ਵੈਸਟ ਬੈਂਕ ਤੋਂ ਕੱਢਣ ਵਿੱਚ ਮਦਦ ਕੀਤੀ ਗਈ ਹੈ, ਅਤੇ ਵਿਭਾਗ 70 ਲੋਕਾਂ ਦੇ ਸੰਪਰਕ ਵਿੱਚ ਹੈ ਜੋ ਅਜੇ ਵੀ ਉੱਥੇ ਹਨ।