ਏਅਰ ਕੈਨੇਡਾ ਦੇ ਨਵੇਂ ਫੀਸ ਨਿਯਮ: ਮੁਸਾਫਰਾਂ ਲਈ ਨਵਾਂ ਬੋਝ
ਏਅਰ ਕੈਨੇਡਾ ਨੇ 3 ਜਨਵਰੀ 2025 ਤੋਂ ਲਾਗੂ ਹੋਣ ਵਾਲੇ ਨਵੇਂ ਬੈਗ ਫੀਸ ਨਿਯਮਾਂ ਦਾ ਐਲਾਨ ਕੀਤਾ ਹੈ, ਜੋ ਮੁਸਾਫਰਾਂ ਦੇ ਖਰਚਿਆਂ ’ਚ ਵਾਧਾ ਕਰਨ ਵਾਲੇ ਹਨ। ਇਨ੍ਹਾਂ ਨਿਯਮਾਂ ਮੁਤਾਬਕ ਹੁਣ ਸਸਤੀਆਂ ਟਿਕਟਾਂ ਵਾਲੇ ਰੂਟਾਂ ’ਤੇ ਸਿਰਫ਼ ਇਕ ਨਿਜੀ ਵਸਤੂ ਲਿਜਾਣ ਦੀ ਆਗਿਆ ਦਿੱਤੀ ਜਾਵੇਗੀ, ਜਿਸ ਵਿੱਚ ਛੋਟੇ ਪਰਸ, ਲੈਪਟੌਪ ਬੈਗ ਜਾਂ ਉਹ ਚੀਜ਼ਾਂ ਸ਼ਾਮਲ ਹਨ, ਜੋ ਸੀਟ ਦੇ ਹੇਠਾਂ ਆ ਸਕਦੀਆਂ ਹਨ।
ਪਹਿਲੇ ਬੈਗ ਲਈ 35 ਡਾਲਰ ਅਤੇ ਦੂਜੇ ਬੈਗ ਲਈ 50 ਡਾਲਰ ਦੀ ਫੀਸ ਤੈਅ ਕੀਤੀ ਗਈ ਹੈ। ਜੇਕਰ ਮੁਸਾਫਰ ਬਗੈਰ ਪੂਰਵ-ਅਦਾਇਗੀ ਦੇ ਜਹਾਜ਼ ਦੇ ਦਰਵਾਜੇ ਤੱਕ ਪੁੱਜਦੇ ਹਨ, ਤਾਂ ਇਸ ਫੀਸ ਨੂੰ 35 ਡਾਲਰ ਦੀ ਬਜਾਏ 65 ਡਾਲਰ ਤੱਕ ਵਧਾ ਦਿੱਤਾ ਜਾਵੇਗਾ। ਉਤੇਵਾਲੇ ਕੰਪਾਰਟਮੈਂਟ ਵਿੱਚ ਰੱਖੇ ਜਾਣ ਵਾਲੇ ਸਮਾਨ ਲਈ ਵੀ ਵੱਖਰੀ ਫੀਸ ਲਾਗੂ ਹੋਵੇਗੀ।
21 ਜਨਵਰੀ 2025 ਤੋਂ ਬੇਸਿਕ ਕਿਰਾਏ ’ਤੇ ਸਫ਼ਰ ਕਰ ਰਹੇ ਮੁਸਾਫਰਾਂ ਨੂੰ ਸੀਟ ਬਦਲਣ ਲਈ ਫੀਸ ਭਰਨੀ ਪਵੇਗੀ। ਫੀਸ ਦੀ ਮਾਤਰਾ ਨਵੀਂ ਚੁਣੀ ਗਈ ਸੀਟ ’ਤੇ ਨਿਰਭਰ ਕਰੇਗੀ। ਹਾਲਾਂਕਿ, ਏਅਰ ਕੈਨੇਡਾ ਨੇ ਇਸ ਗੱਲ ਨੂੰ ਸਪੱਸ਼ਟ ਨਹੀਂ ਕੀਤਾ ਕਿ ਮੈਨੂਅਲ ਤੌਰ ’ਤੇ ਮੁਸਾਫਰਾਂ ਵੱਲੋਂ ਕੀਤੇ ਗਏ ਬਦਲਾਅ ਲਈ ਵੀ ਫੀਸ ਵਸੂਲੀ ਜਾਵੇਗੀ ਜਾਂ ਨਹੀਂ।
ਮੁਸਾਫਰਾਂ ਨੇ ਇਸ ਫੀਸ ਨੂੰ “ਗੈਰਵਾਜਬ” ਕਰਾਰ ਦਿੱਤਾ ਹੈ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਫਲੋਰੀਡਾ ਜਾ ਰਹੀ ਐਨੀ ਕਰੇਟਨ ਨੇ ਕਿਹਾ, “ਜਦੋਂ ਅਸੀਂ ਕਿਰਾਇਆ ਭਰ ਦਿੱਤਾ, ਤਾਂ ਛੋਟੀਆਂ ਵਸਤਾਂ ਲਈ ਵੱਖਰੀ ਫੀਸ ਕਿਉਂ?” ਇਸ ਤਰ੍ਹਾਂ ਦੀਆਂ ਤਬਦੀਲੀਆਂ ਨੇ ਕਈ ਲੋਕਾਂ ਵਿਚ ਗੁੱਸਾ ਪੈਦਾ ਕੀਤਾ ਹੈ।
ਇਹ ਤਬਦੀਲੀਆਂ ਵੈਸਟਜੈਟ ਦੇ ਅਲਟਰਾ ਬੇਸਿਕ ਟਿਕਟਾਂ ਦੇ ਮਾਡਲ ਤੋਂ ਪ੍ਰਭਾਵਿਤ ਦਿਖਦੀਆਂ ਹਨ, ਜਿੱਥੇ ਮੁਸਾਫਰਾਂ ਨੂੰ ਬਗੈਰ ਫੀਸ ਕੋਈ ਕੈਰੀਔਨ ਬੈਗ ਲਿਜਾਣ ਦੀ ਆਗਿਆ ਨਹੀਂ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਹੋਰਨਾਂ ਏਅਰਲਾਈਨਾਂ ਦੇ ਨਿਯਮਾਂ ਦੇ ਬਰਾਬਰ ਹਨ।
ਇਨ੍ਹਾਂ ਨਵੀਆਂ ਨੀਤੀਆਂ ਦੇ ਕਾਰਨ ਸਸਤੀਆਂ ਯਾਤਰਾ ਟਿਕਟਾਂ ਦਾ ਲਾਹਾ ਲੈਣ ਵਾਲੇ ਕਈ ਮੁਸਾਫਰ ਅਖੀਰਕਾਰ ਵਾਧੂ ਖਰਚਿਆਂ ਦਾ ਸਾਹਮਣਾ ਕਰ ਸਕਦੇ ਹਨ, ਜੋ ਉਨ੍ਹਾਂ ਦੇ ਯਾਤਰਾ ਅਨੁਭਵ ਨੂੰ ਪ੍ਰਭਾਵਿਤ ਕਰਨ ਵਾਲਾ ਹੈ।