ਕੈਨੇਡਾ ਸਰਕਾਰ ਦੇ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦੇ ਯਤਨਾਂ ਦੇ ਬਾਵਜੂਦ, ਮਾਹਰਾਂ ਦਾ ਕਹਿਣਾ ਹੈ ਕਿ ਭਾਰਤੀਆਂ ਦੀ ਵਾਪਸੀ ਦਾ ਅਸਰ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਮੁਤਾਬਕ ਰਿਵਰਸ ਮਾਈਗ੍ਰੇਸ਼ਨ ਅਜੇ ਕਾਫ਼ੀ ਦੂਰ ਹੈ। ਮਾਹਰਾਂ ਨੇ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਵਿਚ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਭਾਰਤ ’ਤੇ ਲਗਾਈਆਂ ਗਈਆਂ ਪਾਬੰਦੀਆਂ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਕੁਝ ਕਮੀ ਆਈ ਹੈ, ਪਰ ਇਹ ਪਾਬੰਦੀਆਂ ਸਮੱਸਿਆ ਦਾ ਹੱਲ ਨਹੀਂ ਹਨ। ਰਿਵਰਸ ਮਾਈਗ੍ਰੇਸ਼ਨ ਤਾਂ ਤਦ ਹੋਵੇਗਾ ਜਦੋਂ ਭਾਰਤ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਕੈਨੇਡਾ ਨਾਲੋਂ ਚੰਗੀ ਹੋਵੇਗੀ।
ਇਸ ਮਸਲੇ ‘ਤੇ ਬ੍ਰੈਂਪਟਨ ਵਿਖੇ ਹੋਏ ਸੈਮੀਨਾਰ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਕੁਲਦੀਪ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਵਾਪਸ ਤਦ ਹੀ ਆਵੇਗਾ ਜਦੋਂ ਉਸ ਨੂੰ ਆਪਣੇ ਦੇਸ਼ ਵਿੱਚ ਵਧੇਰੇ ਮੌਕੇ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਵਿਸ਼ਵਿਕ ਵਿਕਾਸ ਰਿਪੋਰਟ ਮੁਤਾਬਕ 2000 ਵਿਚ ਭਾਰਤੀ ਵਿਦਿਆਰਥੀਆਂ ਦੀ ਅੰਤਰਰਾਸ਼ਟਰੀ ਗਿਣਤੀ 2% ਸੀ ਜੋ ਕਿ 2023 ਵਿਚ 41% ਹੋ ਗਈ ਹੈ। ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ 50% ਵਾਧਾ ਹੋਇਆ ਹੈ। ਸਿਰਫ 2019 ਵਿੱਚ, 1,98,235 ਭਾਰਤੀ ਵਿਦਿਆਰਥੀ ਕੈਨੇਡਾ ਆਏ, ਜਿਸ ਵਿੱਚੋਂ 71% ਪੰਜਾਬ ਤੋਂ ਸਨ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਯਤਨ ਕੀਤੇ ਜਾ ਰਹੇ ਹਨ, ਪਰ ਕਈ ਮੁੱਦੇ ਹਨ ਜੋ ਛੇਤੀ ਹੱਲ ਨਹੀਂ ਹੋ ਸਕਦੇ। ਖੇਤੀ ਸੰਕਟ, ਉਦਯੋਗਾਂ ਦੀ ਹੌਲੀ ਰਫ਼ਤਾਰ, ਭਾਰਤੀ ਸਿੱਖਿਆ ਪ੍ਰਣਾਲੀ ਦੀ ਕਮਜ਼ੋਰੀ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਕਮੀ ਦੇ ਕਾਰਨ ਪੰਜਾਬੀ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹਨ।
ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ 2014 ਤੋਂ 2022 ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 3.26 ਲੱਖ ਤੋਂ ਵੱਧ ਕੇ 8 ਲੱਖ ਹੋ ਗਈ ਹੈ। ਦਸੰਬਰ 2023 ਤੱਕ ਇਹ ਗਿਣਤੀ 10 ਲੱਖ ਤੋਂ ਵੀ ਉਪਰ ਚਲੀ ਗਈ। ਪ੍ਰੋਫੈਸਰ ਜੋਗਾ ਸਿੰਘ ਨੇ ਕਿਹਾ ਕਿ ਪਹਿਲੀ ਪੰਜਾਬੀ ਪੀੜ੍ਹੀ ਦੇਸ਼ ਛੱਡਣ ਦੇ ਵਿਰੁੱਧ ਸੀ, ਪਰ ਨਵੀਂ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਵਧੇਰੇ ਮੌਕੇ ਦਿਸਦੇ ਹਨ। ਇਸ ਲਈ ਰਿਵਰਸ ਮਾਈਗ੍ਰੇਸ਼ਨ ਦੀਆਂ ਗੱਲਾਂ ਸਿਰਫ਼ ਕਲਪਨਾ ਹੀ ਹਨ।