ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਕਰਨਗੇ ਇਜ਼ਰਾਈਲ ਦਾ ਦੌਰਾ
ਹਮਾਸ ਨਾਲ ਚੱਲ ਰਹੀ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਬੁੱਧਵਾਰ ਨੂੰ ਇਜ਼ਰਾਈਲ ਦਾ ਦੌਰਾ ਕਰਨ ਵਾਲੇ ਹਨ। ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਾਇਡਨ ਇਜ਼ਰਾਈਲ ਨਾਲ ਅਮਰੀਕਾ ਦੀ ਇਕਮੁੱਠਤਾ ਦੀ ਪੁਸ਼ਟੀ ਕਰਨ ਲਈ ਤੇਲ ਅਵੀਵ ਦਾ ਦੌਰਾ ਕਰਨਗੇ।ਬਲਿੰਕੇਨ ਨੇ ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਦੇ ਕਿਰੀਆ ਮਿਲਟਰੀ ਹੈੱਡਕੁਆਰਟਰ ਵਿਖੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਯੁੱਧ ਮੰਤਰੀ ਮੰਡਲ ਨਾਲ ਵੀ ਮੁਲਾਕਾਤ ਕੀਤੀ।
ਕਰੀਬ ਅੱਠ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪ੍ਰੈੱਸ ਬਿਆਨ ਰਾਹੀਂ ਉਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ। ਬਲਿੰਕਨ ਨੇ ਕਿਹਾ, ‘ਰਾਸ਼ਟਰਪਤੀ ਇਜ਼ਰਾਈਲ, ਖੇਤਰ ਅਤੇ ਦੁਨੀਆ ਲਈ ਇਕ ਮਹੱਤਵਪੂਰਨ ਪਲ ‘ਤੇ ਇੱਥੇ ਆ ਰਹੇ ਹਨ।’ ਬਾਇਡਨ ਨੇ ਸੋਮਵਾਰ ਨੂੰ ਕੋਲੋਰਾਡੋ ਦੀ ਆਪਣੀ ਯਾਤਰਾ ਮੁਲਤਵੀ ਕਰ ਦਿੱਤੀ। ਉਨ੍ਹਾਂ ਨੇ ਵਾਸ਼ਿੰਗਟਨ ਵਿੱਚ ਰਹਿਣ ਅਤੇ ਪੱਛਮੀ ਏਸ਼ੀਆ ਵਿੱਚ ਵਧਦੇ ਸੰਘਰਸ਼ ਬਾਰੇ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ।