GTA News Media

Top Info Bar
22.1°C Toronto Loading date...
World

ਦੁਬਈ ‘ਚ ਨਕਲੀ ਨਿੰਬੂਆਂ ਵਿੱਚੋ 1 ਅਰਬ ਰੁਪਏ ਦੇ ‘ਨਸ਼ੀਲੇ ਪਦਾਰਥ’ ਬਰਾਮਦ

ਦੁਬਈ ‘ਚ ਨਕਲੀ ਨਿੰਬੂਆਂ ਵਿੱਚੋ 1 ਅਰਬ ਰੁਪਏ ਦੇ ‘ਨਸ਼ੀਲੇ ਪਦਾਰਥ’ ਬਰਾਮਦ
Share this post via:

ਨਸ਼ੀਲੇ ਪਦਾਰਥਾਂ ਦੀ ਤਸਕਰੀ ਪੂਰੀ ਦੁਨੀਆ ਵਿਚ ਫੈਲੀ ਹੋਈ ਹੈ। ਇਸ ਤਸਕਰੀ ਨੂੰ ਰੋਕਣ ਦੇ ਲਈ ਸਾਰੇ ਦੇਸ਼ ਲਗਾਤਾਰ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖਦੇ ਹਨ ਪਰ ਨਸ਼ਾ ਤਸਕਰ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਅਜੀਬੋ-ਗਰੀਬ ਢੰਗ ਲੱਭ ਹੀ ਲੈਂਦੇ ਹਨ। ਇਹ ਮਾਮਲਾ ਸੰਯੁਕਤ ਅਰਬ ਅਮੀਰਾਤ ਦਾ ਹੈ ਜਿੱਥੇ ਪੁਲਸ ਅਧਿਕਾਰੀਆਂ ਨੇ ‘ਨਿੰਬੂਆਂ ਵਿੱਚੋਂ ਨਸ਼ੀਲੇ ਪਦਾਰਥ’ ਬਰਾਮਦ ਕੀਤੇ ਹਨ। ਵੀਰਵਾਰ ਨੂੰ ਦੁਬਈ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ “ਅਰਬ ਨਾਗਰਿਕਤਾ” ਵਾਲੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਪਲਾਸਟਿਕ ਦੇ ਨਿੰਬੂਆਂ ‘ਚ ਲੁਕੋ ਕੇ ਲੱਖਾਂ ਡਾਲਰ ਮੁੱਲ ਦੀਆਂ ਕੈਪਟਾਗਨ ਗੋਲੀਆਂ ਦੀ ਯੂਏਈ ‘ਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਦੱਸ ਦਈਏ ਕਿ ਕੈਪਟਾਗਨ ਇੱਕ ਐਮਫੇਟਾਮਾਈਨ ਕਿਸਮ ਦੀ ਡਰੱਗ ਹੈ ਜੋ ਜ਼ਿਆਦਾਤਰ ਲੇਬਨਾਨ ਅਤੇ ਸੰਭਾਵਤ ਤੌਰ ਤੇ ਇਰਾਕ ਅਤੇ ਸੀਰੀਆ ‘ਚ ਬਣਾਈ ਜਾਂਦੀ ਹੈ। ਇਸ ਦਾ ਜ਼ਿਆਦਾਤਰ ਹਿੱਸਾ ਤਸਕਰੀ ਰਾਹੀਂ ਸਾਊਦੀ ਅਰਬ ‘ਚ ਲਿਆਂਦਾ ਜਾਂਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 15.8 ਮਿਲੀਅਨ ਡਾਲਰ ਹੈ। ਪੁਲਸ ਮੇਜਰ ਜਨਰਲ ਖਲੀਲ ਇਬਰਾਹਿਮ ਅਲ ਮਨਸੂਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਪਾਕਿਸਤਾਨ ਦੇ ਜੀਓ ਟੀਵੀ ਮੁਤਾਬਕ, ਟੋਟਲ 1,160,500 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਮਨਸੂਰੀ ਨੇ ਕਿਹਾ ਕਿ ਗੈਰ-ਕਾਨੂੰਨੀ ਗੋਲੀਆਂ ਫਰਿੱਜ ਵਾਲੇ ਕੰਟੇਨਰ ਦੇ ਅੰਦਰ ‘ਨਕਲੀ ਨਿੰਬੂਆਂ’ ‘ਚ ਲੁਕੋਈਆਂ ਗਈਆਂ ਸਨ। ਗ੍ਰਿਫ਼ਤਾਰ ਕੀਤੇ ਹੋਏ ਚਾਰ ਸ਼ੱਕੀ “ਇੱਕ ਹੀ ਅਰਬ ਦੇਸ਼ ਦੇ ਨਾਗਰਿਕ” ਹਨ ਤੇ ਯੂਏਈ ਦੇ ਨਿਵਾਸੀ ਹਨ। ਪੁਲਸ ਨੇ ਦੱਸਿਆ ਕਿ ਫਰਿੱਜ ‘ਚ ਰੱਖੇ ਡੱਬਿਆਂ ਵਿੱਚ ਨਿੰਬੂ ਦੇ 3,840 ਡੱਬੇ ਸਨ, ਜਿਨ੍ਹਾਂ ਦੇ ਵਿੱਚੋਂ 66 ਡੱਬਿਆਂ ‘ਚ ਨਕਲੀ ਨਿੰਬੂ ਤੇ ਨਸ਼ੀਲੇ ਪਦਾਰਥ ਸਨ।