ਦੱਖਣੀ ਅਮਰੀਕਾ: ਸਕੂਲ ਦੇ ਹੋਸਟਲ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 20 ਵਿਦਿਆਰਥੀਆਂ ਦੀ ਮੌਤ
ਦੱਖਣੀ ਅਮਰੀਕੀ ਦੇਸ਼ ਗੁਆਨਾ ਵਿੱਚ ਸੋਮਵਾਰ ਰਾਤ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 20 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਰਾਜਧਾਨੀ ਜੌਰਜਟਾਊਨ ਤੋਂ ਲਗਭਗ 320 ਕਿਲੋਮੀਟਰ ਦੱਖਣ ਵਿੱਚ ਦੱਖਣ-ਪੱਛਮੀ ਸਰਹੱਦੀ ਸ਼ਹਿਰ ਮਾਹਦੀਆ ਵਿੱਚ ਸਥਿਤ ਇੱਕ ਸੈਕੰਡਰੀ ਸਕੂਲ ਦੇ ਹੋਸਟਲ ਵਿੱਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਅੱਗ ਲੱਗ ਗਈ।
ਰਾਸ਼ਟਰਪਤੀ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਇੱਕ ਭਿਆਨਕ, ਦੁਖਦਾਈ ਅਤੇ ਦਰਦਨਾਕ ਘਟਨਾ ਹੈ ਅਤੇ ਮੈਂ ਮਾਪਿਆਂ ਅਤੇ ਬੱਚਿਆਂ ਦੇ ਦਰਦ ਦੀ ਕਲਪਨਾ ਨਹੀਂ ਕਰ ਸਕਦਾ ਅਤੇ ਇੱਕ ਦੇਸ਼ ਦੇ ਰੂਪ ਵਿੱਚ ਸਾਨੂੰ ਇਸ ਨਾਲ ਨਜਿੱਠਣਾ ਹੋਵੇਗਾ।” ਸਿਹਤ ਅਧਿਕਾਰੀਆਂ ਦੀ ਸਹਾਇਤਾ ਲਈ ਪੰਜ ਜਹਾਜ਼ਾਂ ਨੇ ਕਥਿਤ ਤੌਰ ‘ਤੇ ਉਡਾਣ ਭਰੀ ਹੈ, ਜਿਸ ਵਿਚ 7 ਬੱਚਿਆਂ ਨੂੰ ਇਲਾਜ ਲਈ ਜਾਰਜਟਾਊਨ ਲਿਜਾਣ ਦੀ ਯੋਜਨਾ ਹੈ। ਸਥਾਨਕ ਮੀਡੀਆ ਅਨੁਸਾਰ ਬਹੁਤ ਸਾਰੇ ਬੱਚੇ ਲਾਪਤਾ ਹਨ। ਮਹਿਦੀਆ ਕਸਬਾ ਸੋਨੇ ਦੀ ਖੁਦਾਈ ਲਈ ਜਾਣਿਆ ਜਾਂਦਾ ਹੈ ਅਤੇ ਸਕੂਲ ਵਿਚ ਇਸ ਖੇਤਰ ਦੇ ਆਲੇ-ਦੁਆਲੇ ਦੇ ਕਸਬਿਆਂ ਅਤੇ ਪਿੰਡਾਂ ਦੇ ਵਿਦਿਆਰਥੀ ਰਹਿੰਦੇ ਹਨ।