ਪਾਕਿਸਤਾਨ ਦੇ ਪੇਸ਼ਾਵਰ ਵਿਚ ਮਸਜਿਦ ਵਿਚ ਤਾਲਿਬਾਨ ਦੇ ਆਤਮਘਾਤੀ ਹਮਲੇ ਵਿਚ 46 ਦੀ ਮੌਤ, 100 ਤੋਂ ਵੱਧ ਜ਼ਖਮੀ
ਪਾਕਿਸਤਾਨ ਦੇ ਉੱਤਰ-ਪੱਛਮੀ ਪੇਸ਼ਾਵਰ ਸ਼ਹਿਰ ਵਿੱਚ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਸੋਮਵਾਰ ਨੂੰ ਦੁਪਹਿਰ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਇੱਕ ਤਾਲਿਬਾਨੀ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ, ਜਿਸ ਵਿੱਚ ਘੱਟ ਤੋਂ ਘੱਟ 46 ਲੋਕ ਮਾਰੇ ਗਏ ਅਤੇ 100 ਤੋਂ ਵੱਧ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਪੁਲਿਸ ਕਰਮਚਾਰੀ ਸਨ।
ਪੁਲਿਸ ਲਾਈਨਜ਼ ਖੇਤਰ ਵਿੱਚ ਮਸਜਿਦ ਦੇ ਅੰਦਰ ਦੁਪਹਿਰ ਕਰੀਬ 1.40 ਵਜੇ ਧਮਾਕਾ ਹੋਇਆ ਜਦੋਂ ਪੁਲਿਸ, ਫੌਜ ਅਤੇ ਬੰਬ ਨਿਰੋਧਕ ਦਸਤੇ ਦੇ ਕਰਮਚਾਰੀ ਦੁਪਹਿਰ ਦੀ ਨਮਾਜ਼ ਅਦਾ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੂਹਰਲੀ ਕਤਾਰ ‘ਚ ਮੌਜੂਦ ਹਮਲਾਵਰ ਨੇ ਖੁਦ ਨੂੰ ਉਡਾ ਲਿਆ।
ਲੇਡੀ ਰੀਡਿੰਗ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 46 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਪੇਸ਼ਾਵਰ ਪੁਲਿਸ ਨੇ 38 ਪੀੜਤਾਂ ਦੀ ਸੂਚੀ ਜਾਰੀ ਕੀਤੀ ਹੈ।ਜ਼ਖ਼ਮੀਆਂ ਵਿੱਚ ਜ਼ਿਆਦਾਤਰ ਪੁਲੀਸ ਮੁਲਾਜ਼ਮ ਸਨ।
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਮਾਰੇ ਗਏ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਦੇ ਭਰਾ ਨੇ ਦਾਅਵਾ ਕੀਤਾ ਹੈ ਕਿ ਇਹ ਆਤਮਘਾਤੀ ਹਮਲਾ ਉਸ ਦੇ ਭਰਾ ਲਈ ਬਦਲਾ ਲੈਣ ਦੇ ਹਮਲੇ ਦਾ ਹਿੱਸਾ ਸੀ, ਜੋ ਪਿਛਲੇ ਅਗਸਤ ਵਿੱਚ ਅਫਗਾਨਿਸਤਾਨ ਵਿੱਚ ਮਾਰਿਆ ਗਿਆ ਸੀ।
ਪਾਕਿਸਤਾਨੀ ਤਾਲਿਬਾਨ ਵਜੋਂ ਜਾਣੇ ਜਾਂਦੇ ਗੈਰਕਾਨੂੰਨੀ ਟੀਟੀਪੀ ਨੇ ਪਿਛਲੇ ਸਮੇਂ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਆਤਮਘਾਤੀ ਹਮਲੇ ਕੀਤੇ ਹਨ।
ਪੇਸ਼ਾਵਰ ਦੇ ਪੁਲਿਸ ਸੁਪਰਡੈਂਟ ਸ਼ਜ਼ਾਦ ਕੌਕਬ, ਜਿਸਦਾ ਦਫ਼ਤਰ ਮਸਜਿਦ ਦੇ ਨੇੜੇ ਹੈ, ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਾਕਾ ਉਦੋਂ ਹੋਇਆ ਜਦੋਂ ਉਹ ਨਮਾਜ਼ ਅਦਾ ਕਰਨ ਲਈ ਮਸਜਿਦ ਵਿੱਚ ਦਾਖਲ ਹੋਏ ਸਨ। ਉਸ ਨੇ ਕਿਹਾ ਕਿ ਉਹ ਖੁਸ਼ਕਿਸਮਤੀ ਨਾਲ ਹਮਲੇ ਵਿਚ ਬਚ ਗਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਸਜਿਦ ਦਾ ਇੱਕ ਹਿੱਸਾ ਢਹਿ ਗਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਕਈ ਲੋਕ ਇਸ ਦੇ ਹੇਠਾਂ ਦੱਬੇ ਹੋਏ ਹਨ। ਹਮਲਾਵਰ ਪੁਲਿਸ ਲਾਈਨਾਂ ਦੇ ਅੰਦਰ ਅਤਿ ਸੁਰੱਖਿਅਤ ਮਸਜਿਦ ਵਿੱਚ ਦਾਖਲ ਹੋਇਆ, ਧਮਾਕੇ ਦੇ ਸਮੇਂ ਇਲਾਕੇ ‘ਚ 300 ਤੋਂ 400 ਪੁਲਸ ਅਧਿਕਾਰੀ ਮੌਜੂਦ ਸਨ।