ਪਾਕਿਸਤਾਨ: ਪ੍ਰਕਾਸ਼ ਪੁਰਬ ਮਨਾਉਣ ਗਏ ਸਿੱਖ ਸ਼ਰਧਾਲੂ ਨਾਲ ਹੋਈ ਲੱਖਾਂ ਦੀ ਲੁੱਟ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਇੱਕ ਸਿੱਖ ਪਰਿਵਾਰ ਨੂੰ ਪਾਕਿਸਤਾਨ ਵਿੱਚ ਲੁੱਟ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਲੁੱਟ ਦੀ ਇਹ ਵਾਰਦਾਤ ਪਾਕਿਸਤਾਨ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਹੋਈ। ਲੁਟੇਰਿਆਂ ਨੇ ਪੁਲਿਸ ਦੀ ਵਰਦੀ ਵਿੱਚ ਆ ਕੇ 2 ਲੱਖ 50 ਹਜ਼ਾਰ ਭਾਰਤੀ ਰੁਪਏ ਅਤੇ 1 ਲੱਖ 50 ਹਜ਼ਾਰ ਪਾਕਿਸਤਾਨੀ ਰੁਪਏ ਲੁੱਟ ਲਏ। ਹੈਰਾਨੀ ਦੀ ਗੱਲ ਹੈ ਕਿ ਪਰਿਵਾਰ ਦੀ ਲੁੱਟ ਸਬੰਧੀ ਐਫਆਈਆਰ ਗੁਲਬਰਗ ਥਾਣੇ ਵਿੱਚ ਦਰਜ ਕੀਤੀ ਗਈ ਸੀ ਪਰ ਲੁੱਟ ਦੀ ਧਾਰਾ ਨਹੀਂ ਜੋੜੀ ਗਈ।
ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤ ਤੋਂ ਸਿੱਖ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ ਸਨ। ਇਸ ਸਮੇਂ ਸਿੱਖ ਜਥੇ ਲਾਹੌਰ ਪਾਕਿਸਤਾਨ ਪਹੁੰਚ ਚੁੱਕੇ ਸਨ। 29 ਨਵੰਬਰ ਦੀ ਸ਼ਾਮ ਨੂੰ ਕੰਵਲਜੀਤ ਸਿੰਘ ਆਪਣੇ ਪਰਿਵਾਰ ਨਾਲ ਪਾਕਿਸਤਾਨ ਦੇ ਗੁਲਬਰਗ, ਲਾਹੌਰ ਵਿੱਚ ਖਰੀਦਦਾਰੀ ਕਰਨ ਲਈ ਲਿਬਰਟੀ ਮਾਰਕੀਟ ਪਹੁੰਚਿਆ ਸੀ। ਜਦੋਂ ਸਿੱਖ ਪਰਿਵਾਰ ਇੱਕ ਦੁਕਾਨ ਤੋਂ ਬਾਹਰ ਆਇਆ ਤਾਂ ਪੁਲੀਸ ਵਰਦੀ ਵਿੱਚ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬੰਦੂਕ ਦੀ ਨੋਕ ’ਤੇ ਨਕਦੀ ਤੇ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਸਿੱਖ ਪਰਿਵਾਰ ਦੇ ਗਹਿਣਿਆਂ ਤੋਂ ਇਲਾਵਾ 250,000 ਭਾਰਤੀ ਰੁਪਏ ਅਤੇ 150,000 ਪਾਕਿਸਤਾਨੀ ਰੁਪਏ ਲੁੱਟ ਲਏ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਭਾਰਤੀ ਸਿੱਖ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਇੱਕ ਸੀ.ਸੀ.ਟੀ.ਵੀ. ਸਾਹਮਣੇ ਆਈ ਹੈ, ਜਿਸ ‘ਚ ਪੀੜਤ ਪਰਿਵਾਰ ਨੂੰ ਜ਼ਬਰਦਸਤੀ ਕਾਰ ‘ਚ ਬਿਠਾ ਕੇ ਬੰਦੂਕ ਦੀ ਨੋਕ ‘ਤੇ ਲੁੱਟਦੇ ਦੇਖਿਆ ਜਾ ਸਕਦਾ ਹੈ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਸਿੱਖ ਸ਼ਰਧਾਲੂ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਲਾਹੌਰ ਪੁਲਿਸ ਮੁਖੀ ਤੋਂ ਤੁਰੰਤ ਰਿਪੋਰਟ ਮੰਗੀ ਹੈ।