GTA News Media

Top Info Bar
22.1°C Toronto Loading date...
World

ਰਾਸ਼ਟਰਪਤੀ ਬਾਇਡਨ ਖਿਲਾਫ ਮਹਾਂਦੋਸ਼ ਜਾਂਚ ਸ਼ੁਰੂ ਕਰਨ ਦੀ ਮਨਜ਼ੂਰੀ

ਰਾਸ਼ਟਰਪਤੀ ਬਾਇਡਨ ਖਿਲਾਫ ਮਹਾਂਦੋਸ਼ ਜਾਂਚ ਸ਼ੁਰੂ ਕਰਨ ਦੀ ਮਨਜ਼ੂਰੀ
Share this post via:

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜੀ-20 ਸੰਮੇਲਨ ਤੋਂ ਪਰਤਦੇ ਹੀ ਮੁਸ਼ਕਿਲ ਵਿੱਚ ਫਸ ਗਏ ਹਨ। ਦਰਅਸਲ ਅਮਰੀਕੀ ਪ੍ਰਤੀਨਿਧ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਸਦਨ ਨੂੰ ਰਾਸ਼ਟਰਪਤੀ ਬਾਇਡਨ ਵਿਰੁੱਧ ਉਸ ਦੇ ਪਰਿਵਾਰ ਨਾਲ ਸਬੰਧਿਤ ਕਾਰੋਬਾਰ ਦੇ ਸੌਦਿਆਂ ਨੂੰ ਲੈ ਕੇ ਮਹਾਂਦੋਸ਼ ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੈਕਕਾਰਥੀ ਨੇ ਇਹ ਵੀ ਕਿਹਾ ਕਿ ਸਦਨ ਦੀ ਜਾਂਚ ਹੁਣ ਤੱਕ ਬਾਇਡਨ ਦੇ ਪਰਿਵਾਰ ਦੇ ਆਲੇ-ਦੁਆਲੇ ਕੇਂਦਰਿਤ ਰਹੀ ਹੈ। ਉਹ ਭ੍ਰਿਸ਼ਟਾਚਾਰ ਦੇ ਸੱਭਿਆਚਾਰ ਦੀ ਤਸਵੀਰ ਨੂੰ ਪੇਸ਼ ਕਰਦੀ ਹੈ।

ਰਾਸ਼ਟਰਪਤੀ ਬਾਇਡਨ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਹੰਟਰ ਦੇ ਕਾਰੋਬਾਰੀ ਸੌਦਿਆਂ ਦੀ ਜਾਂਚ ਚੱਲ ਰਹੀ ਸੀ। ਮੈਕਕਾਰਥੀ ਨੇ ਦੱਸਿਆ ਕਿ ਉਹ ਸੱਤਾ ਦੀ ਦੁਰਵਰਤੋਂ, ਦਖ਼ਲਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਦਾਇਰੇ ਵਿੱਚ ਆਉਂਦੇ ਹਨ। ਜਿਨ੍ਹਾਂ ਦੀ ਪ੍ਰਤੀਨਿਧੀ ਸਭਾ ਦੁਆਰਾ ਤਸੱਲੀਬਖਸ਼ ਜਾਂਚ ਕੀਤੇ ਜਾਣ ਦੀ ਲੋੜ ਹੈ। ਕੈਲੀਫੋਰਨੀਆ ਦੀ ਨੁਮਾਇੰਦਗੀ ਕਰਨ ਵਾਲੇ ਮੈਕਕਾਰਥੀ ਨੇ ਸਦਨ ਵਿੱਚ ਕਿਹਾ ਕਿ ਉਹ ਨਿਗਰਾਨ ਕਮੇਟੀ ਨੂੰ ਰਾਸ਼ਟਰਪਤੀ ਖਿਲਾਫ਼ ਮਹਾਂਦੋਸ਼ ਜਾਂਚ ਸ਼ੁਰੂ ਕਰਨ ਦੀ ਇਜਾਜ਼ਤ ਦਿੰਦੇ ਹਨ। ਇਸ ਮਨਜ਼ੂਰੀ ਤੋਂ ਬਾਅਦ ਬਾਇਡਨ ਲਈ ਚਿੰਤਾਵਾਂ ਦਾ ਵਧਣਾ ਸੁਭਾਵਿਤ ਬਣ ਜਾਂਦਾ ਹੈ।

ਵ੍ਹਾਈਟ ਹਾਊਸ ਨੇ ਮੈਕਕਾਰਥੀ ਦੇ ਇਸ ਕਦਮ ਦੀ ਨਿਖੇਧੀ ਕੀਤੀ ਅਤੇ ਰਾਸ਼ਟਰਪਤੀ ਚੋਣ ਮੁਹਿੰਮ ਦੇ ਮੱਧ ਵਿੱਚ ਕੀਤੀ ਗਈ ਇਸ ਕਾਰਵਾਈ ਨੂੰ ਨੀਵੇਂ ਪੱਧਰ ਦੀ ਰਾਜਨੀਤੀ ਕਰਾਰ ਦਿੱਤਾ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਹਾਊਸ ਦੇ ਰਿਪਬਲਿਕਨ ਆਗੂ 9 ਮਹੀਨਿਆਂ ਤੋਂ ਰਾਸ਼ਟਰਪਤੀ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗ਼ਲਤ ਸਾਬਿਤ ਕਰਨ ਲਈ ਅਜੇ ਤੱਕ ਉਨ੍ਹਾਂ ਨੂੰ ਕੋਈ ਸਬੂਤ ਹਾਸਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੈਕਕਾਰਥੀ ਇਕਪਾਸੜ ਬਿਆਨਬਾਜ਼ੀ ਕਰਦਾ ਹੈ। ਉਹ ਇਕਪਾਸੜ ਤੌਰ ਤੇ ਮਹਾਂਦੋਸ਼ ਦੀ ਜਾਂਚ ਸ਼ੁਰੂ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀ ਜਾਂਚ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਅਨੁਸਾਰ ਮੈਕਕਾਰਥੀ ਆਪਣੇ ਬਿਆਨ ਤੋਂ ਪਲਟ ਗਏ ਹਨ ਕਿਉਂਕਿ ਉਸ ਕੋਲ ਲੋੜੀਂਦਾ ਸਮਰਥਨ ਨਹੀਂ ਹੈ।