H-1B Visa ਪਾਬੰਦੀਆਂ ਖਤਮ ਕਰਨ ਲਈ ਅਮਰੀਕੀ ਸੰਸਦ ਵਿੱਚ ਨਵਾਂ ਬਿੱਲ ਪੇਸ਼ |
H1B Visa ਪਾਬੰਦੀਆਂ ਖਤਮ ਕਰਨ ਲਈ ਅਮਰੀਕਾ ਵਿੱਚ ਬਿੱਲ |
ਅਮਰੀਕਾ ਵਿੱਚ ਵਿਦੇਸ਼ੀ ਹੁਨਰਮੰਦ ਪੇਸ਼ੇਵਰਾਂ ਨਾਲ ਸੰਬੰਧਿਤ H1B Visa ਨੀਤੀ ਨੂੰ ਲੈ ਕੇ ਵੱਡੀ ਚਰਚਾ ਛਿੜ ਗਈ ਹੈ। ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦਾ ਉਦੇਸ਼ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਈਆਂ ਗਈਆਂ H1B Visa ਪਾਬੰਦੀਆਂ ਨੂੰ ਖਤਮ ਕਰਨਾ ਹੈ।
ਡੈਮੋਕ੍ਰੇਟਿਕ ਕਾਂਗਰਸਵੂਮੈਨ ਬੋਨੀ ਵਾਟਸਨ ਕੋਲਮੈਨ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਵਿੱਚ ਟਰੰਪ ਸਰਕਾਰ ਦੇ ਉਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ H1B-Visa ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਵਾਲੇ ਮਾਲਕਾਂ ਲਈ ਸਖ਼ਤ ਤਨਖਾਹ ਮਿਆਰ ਅਤੇ ਵੱਡੀਆਂ ਫੀਸਾਂ ਲਾਗੂ ਕੀਤੀਆਂ ਗਈਆਂ ਸਨ।
ਟਰੰਪ ਨੇ ਸਤੰਬਰ 2025 ਵਿੱਚ ਐਲਾਨ ਕੀਤਾ ਸੀ ਕਿ H1B Visa ‘ਤੇ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਲਾਜ਼ਮੀ ਤਨਖਾਹ ਪੱਧਰ ਕਾਫ਼ੀ ਵਧਾਇਆ ਜਾਵੇਗਾ। ਇਸਦੇ ਨਾਲ ਹੀ ਅਜਿਹੇ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਵਾਲੇ ਮਾਲਕਾਂ ‘ਤੇ ਲਗਭਗ 100,000 ਡਾਲਰ ਦੀ ਫੀਸ ਵੀ ਲਗਾਈ ਗਈ ਸੀ। ਟਰੰਪ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਹ ਕਦਮ ਅਮਰੀਕੀ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਲਿਆ ਗਿਆ।
ਹਾਲਾਂਕਿ ਕੋਲਮੈਨ ਦਾ ਮੰਨਣਾ ਹੈ ਕਿ ਇਹ ਫੈਸਲਾ ਅਮਰੀਕੀ ਕੰਪਨੀਆਂ, ਯੂਨੀਵਰਸਿਟੀਆਂ, ਹਸਪਤਾਲਾਂ ਅਤੇ ਖੋਜ ਸੰਸਥਾਵਾਂ ਲਈ ਵੱਡੀ ਰੁਕਾਵਟ ਬਣ ਗਿਆ ਹੈ। ਉਨ੍ਹਾਂ ਦੇ ਅਨੁਸਾਰ H1B Visa ਪ੍ਰੋਗਰਾਮ ਘਰੇਲੂ ਕਰਮਚਾਰੀਆਂ ਦੀ ਥਾਂ ਨਹੀਂ ਲੈਂਦਾ, ਸਗੋਂ ਅਮਰੀਕਾ ਅਤੇ ਵਿਸ਼ਵ ਭਰ ਦੀ ਪ੍ਰਤਿਭਾ ਨੂੰ ਜੋੜ ਕੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਉਂਦਾ ਹੈ।
ਦਰਅਸਲ H1B Visa ਪ੍ਰੋਗਰਾਮ ਅਮਰੀਕੀ ਮਾਲਕਾਂ ਨੂੰ ਉਹਨਾਂ ਖੇਤਰਾਂ ਵਿੱਚ ਵਿਦੇਸ਼ੀ ਮਾਹਿਰਾਂ ਨੂੰ ਨੌਕਰੀ ‘ਤੇ ਰੱਖਣ ਦੀ ਆਗਿਆ ਦਿੰਦਾ ਹੈ ਜਿੱਥੇ ਹੁਨਰਮੰਦ ਕਰਮਚਾਰੀਆਂ ਦੀ ਘਾਟ ਹੈ। ਖ਼ਾਸ ਕਰਕੇ ਤਕਨਾਲੋਜੀ, ਇੰਜੀਨੀਅਰਿੰਗ, ਸਿਹਤ ਸੇਵਾਵਾਂ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਇਸਦੀ ਮਹੱਤਤਾ ਕਾਫ਼ੀ ਵੱਧ ਹੈ।
ਕੋਲਮੈਨ ਵੱਲੋਂ ਪੇਸ਼ ਕੀਤਾ ਗਿਆ Welcoming International Success Act ਨਾਮਕ ਇਹ ਬਿੱਲ ਕਈ ਸੰਸਥਾਵਾਂ ਅਤੇ ਮਾਹਿਰਾਂ ਦਾ ਸਮਰਥਨ ਪ੍ਰਾਪਤ ਕਰ ਰਿਹਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਜੇ H1B Visa ਨਿਯਮ ਬਹੁਤ ਸਖ਼ਤ ਰਹੇ ਤਾਂ ਸੰਸਥਾਵਾਂ ਲਈ ਲੋੜੀਂਦੀ ਵਿਸ਼ਵ ਪੱਧਰੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਮੁਸ਼ਕਲ ਹੋ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਚਿੰਤਾ ਜਤਾਈ ਕਿ ਸਿਹਤ ਖੇਤਰ ਪਹਿਲਾਂ ਹੀ ਦਬਾਅ ਹੇਠ ਹੈ ਅਤੇ ਜੇ H1B Visa ਪਾਬੰਦੀਆਂ ਜਾਰੀ ਰਹੀਆਂ ਤਾਂ ਭਵਿੱਖ ਵਿੱਚ ਨਰਸਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦੀ ਘਾਟ ਹੋਰ ਵੀ ਵੱਧ ਸਕਦੀ ਹੈ।