ਮਾਸਕੋ- ਆਮਤੌਰ ’ਤੇ ਮਾਂ ਬੱਚੇ ਦੀ ਜ਼ਰੂਰਤ ਲਈ ਕੋਈ ਵੀ ਜੋਖ਼ਮ ਉਠਾ ਸਕਦੀ ਹੈ। ਪਰ ਜੇਕਰ ਕੋਈ ਮਾਂ ਆਪਣੀ ਜ਼ਰੂਰਤ ਲਈ ਬੱਚੇ ਦਾ ਸੌਦਾ ਕਰ ਦੇਵੇ ਤਾਂ? ਰੂਸ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਆਪਣੇ ਨੱਕ ਦੀ ਸਰਜਰੀ ਕਰਵਾਉਣ ਲਈ ਆਪਣੇ 5 ਦਿਨ ਦੇ ਬੱਚੇ ਨੂੰ ਵੇਚ ਦਿੱਤਾ। ਔਰਤ ਨੇ 3 ਹਜ਼ਾਰ ਪੌਂਡ ਵਿਚ ਬੱਚੇ ਦਾ ਸੌਦਾ ਕੀਤਾ। ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਖ਼ਬਰ ਮੁਤਾਬਕ, 33 ਸਾਲਾ ਔਰਤ (ਨਾਂ ਉਜਾਗਰ ਨਹੀਂ ਕੀਤਾ ਗਿਆ) ਨੂੰ ਦੱਖਣੀ ਰੂਸ ਦੇ ਦਾਗਿਸਤਾਨ ਵਿਚ ਸਰਜਰੀ ਕਰਵਾਉਣ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਕਥਿਤ ਤੌਰ ਕਾਸਪਿਸਕ ਵਿਚ ਬੱਚੇ ਨੂੰ ਜਨਮ ਦਿੱਤਾ ਸੀ। ਪੁਲਸ ਦਾ ਕਹਿਣਾ ਹੈ ਕਿ ਮਾਂ ਨੇ ਆਪਣੇ ਬੱਚੇ ਨੂੰ ਵੇਚਣ ਲਈ ਹਸਪਤਾਲ ਤੋਂ ਛੁੱਟੀ ਦੇ ਦਿਨ 20,000 ਰੂਬਲ (287 ਪੌਂਡ) ਅਤੇ 10 ਫ਼ੀਸਦੀ ਡਾਊਨ ਪੇਮੇਂਟ ਨਾਲ ਸੌਦਾ ਕੀਤਾ ਸੀ।
ਹਫ਼ਤਿਆਂ ਬਾਅਦ ਬੱਚਾ ਬੀਮਾਰ ਹੋਇਆ ਤਾਂ ਡਾਕਟਰ ਨੇ ਬੱਚੇ ਦਾ ਜਨਮ ਸਰਟੀਫਿਕੇਟ ਮੰਗਿਆ। ਜੋੜੇ ਨੇ ਬੱਚੇ ਦੀ ਬਾਇਓਲਾਜੀਕਲ ਮਾਂ ਨਾਲ ਸੰਪਕਰ ਕੀਤਾ। ਜਨਮ ਸਰਟੀਫਿਕੇਟ ਦੇਣ ਦੇ ਬਦਲੇ ਵਿਚ ਵੀ ਔਰਤ ਨੇ 100,000 ਰੂਬਲ (1,440 ਪੌਂਡ) ਲਏ। ਔਰਤ ਨੇ ਕਿਹਾ ਕਿ ਉਸ ਨੇ ਕਾਸਮੈਟਿਕ ਸਰਜਰੀ ਕਰਾਉਣੀ ਹੈ। ਇਸ ਲਈ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ। ਇਸ ਦੇ ਬਾਅਦ ਜੋੜੇ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਹੁਣ ਪੁਲਸ ਔਰਤ ਤੋਂ ਪੁੱਛਗਿਛ ਕਰ ਰਹੀ ਹੈ।