ਮਨਦੀਪ ਕੌਰ ਖੁਦਕੁਸ਼ੀ ਮਾਮਲਾ: ਪਤੀ ਨੇ ਅਮਰੀਕਾ ‘ਚ ਕੀਤਾ ਅੰਤਿਮ ਸੰਸਕਾਰ, ਭਾਰਤ ’ਚ ਮਾਪੇ ਕਰਦੇ ਰਹੇ ਉਡੀਕ
ਨਿਊਯਾਰਕ (ਗੋਗਨਾ)- ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਵਲੋਂ ਨਿਊਯਾਰਕ ਵਿਚ ਕੀਤੀ ਖੁਦਕੁਸ਼ੀ ਦਾ ਮਾਮਲਾ ਹੁਣ ਸ਼ਾਇਦ ਹੀ ਕਦੇ ਸੁਲਝ ਸਕੇ, ਕਿਉਂਕਿ ਭਾਰਤ ਵਿਚ ਉਸਦੇ ਪਰਿਵਾਰ ਵਾਲੇ ਲਾਸ਼ ਪਹੁੰਚਣ ਦੀ ਉਡੀਕ ਹੀ ਕਰਦੇ ਰਹਿ ਗਏ, ਜਦਕਿ ਦੂਸਰੇ ਪਾਸੇ ਦੋਸ਼ੀ ਪਤੀ ਨੇ ਵਿਦੇਸ਼ ਵਿਚ ਮਨਦੀਪ ਦਾ ਚੁੱਪ-ਚਪੀਤੇ ਅੰਤਿਮ ਸੰਸਕਾਰ ਕਰ ਦਿੱਤਾ।
ਇਸ ਬਾਰੇ ਹਾਲਾਂਕਿ ਨਿਊਯਾਰਕ ਵਿਚ ਮੌਜੂਦ ਭਾਰਤ ਦੇ ਲੋਕ (ਮਨਦੀਪ ਦੇ ਪੱਖ ਵਾਲੇ) ਨਿਊਯਾਰਕ ਪੁਲਿਸ ਤੋਂ ਵਾਰ-ਵਾਰ ਪੁੱਛਦੇ ਰਹੇ ਕਿ ਲਾਸ਼ ਨੂੰ ਭਾਰਤ ਕਦੋਂ ਅਤੇ ਕਿਵੇਂ ਭੇਜਿਆ ਜਾਏਗਾ? ਜਿਸਦੇ ਬਦਲੇ ਵਿਚ ਨਿਊਯਾਰਕ ਪੁਲਿਸ ਲੋਕਾਂ ਨੂੰ ਇਹ ਕਹਿਕੇ ਟਾਲ-ਮਟੋਲ ਕਰਦੀ ਰਹੀ ਕਿ ਜਾਂਚ ਜਾਰੀ ਹੈ। ਨਿਊਯਾਰਕ ਪੁਲਿਸ ਦਾ ਦਾਅਵਾ ਹੈ ਕਿ ਉਸਨੇ ਮਨਦੀਪ ਦੀ ਲਾਸ਼ ਉਸਦੇ ਪਤੀ ਦੇ ਹਵਾਲੇ ਕਰ ਕੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ, ਜਦਕਿ ਭਾਰਤ ਵਿਚ ਮੌਜੂਦ ਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਇਸ ਪਿੱਛੇ ਅਮਰੀਕਨ ਪੁਲਿਸ ਦੀ ਦੋਸ਼ੀ ਨਾਲ ਮਿਲੀ-ਭੁਗਤ ਦਾ ਦੋਸ਼ ਲਗਾ ਰਹੇ ਹਨ।