ਓਟਵਾ- ਫੈਡਰਲ ਟਰੇਜ਼ਰੀ ਬੋਰਡ ਦਾ ਕਹਿਣਾ ਹੈ ਕਿ ਕੰਮ ਵਾਲੀ ਥਾਂ ਉੱਤੇ ਇੰਗਲਿਸ਼ ਤੇ ਫਰੈਂਚ ਭਾਸ਼ਾ ਬੋਲਣ ਵਾਲੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਬੋਨਸ ਦੀ ਤਰਜ਼ ਉੱਤੇ ਇੰਡੀਜੀਨਸ ਭਾਸ਼ਾ ਦੀ ਸਮਝ ਰੱਖਣ ਵਾਲਿਆਂ ਨੂੰ ਵੀ ਬੋਨਸ ਦਿੱਤਾ ਜਾਵੇ, ਅਜਿਹੀ ਕੋਈ ਯੋਜਨਾ ਨਹੀਂ ਹੈ।
ਕੈਨੇਡਾ ਦੀਆਂ ਦੋ ਮੁੱਖ ਭਾਸ਼ਾਵਾਂ ਵਿੱਚ ਮਹਾਰਤ ਰੱਖਣ ਵਾਲੇ ਮੁਲਾਜ਼ਮਾਂ ਨੂੰ ਜੇ ਅੰਗਰੇਜ਼ੀ ਤੇ ਫਰੈਂਚ ਭਾਸ਼ਾ ਦੀ ਮੰਗ ਪੂਰੀ ਕਰਨ ਵਾਲੇ ਅਹੁਦੇ ਉੱਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਸਾਲ ਦੇ 800 ਡਾਲਰ ਵਾਧੂ ਬੋਨਸ ਵਜੋਂ ਮਿਲਦੇ ਹਨ।
ਪਿਛਲੇ ਸਾਲ ਸੀਨੀਅਰ ਸਿਵਲ ਸਰਵੈਂਟਸ ਵੱਲੋਂ ਇਹ ਪ੍ਰਸਤਾਵ ਦਿੱਤਾ ਗਿਆ ਸੀ ਕਿ ਇੰਡੀਜੀਨਸ ਭਾਸ਼ਾ ਦੀ ਸਮਝ ਰੱਖਣ ਵਾਲਿਆਂ ਨੂੰ ਵੀ ਇਹੋ ਜਿਹਾ ਬੋਨਸ ਦਿੱਤਾ ਜਾਵੇ।
ਟਰੇਜ਼ਰੀ ਬੋਰਡ ਦੇ ਅਧੀਨ ਆਉਂਦੇ 120,000 ਫੈਡਰਲ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਆਪਣੇ ਕੰਮ ਦੌਰਾਨ ਇੰਡੀਜੀਨਸ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਲਈ ਵੀ ਇਸ ਤਰ੍ਹਾਂ ਦਾ ਕੋਈ ਭੱਤਾ ਰੱਖਣ ਦੀ ਤਜਵੀਜ਼ ਦਿੱਤੀ ਸੀ। ਯੂਨੀਅਨ ਦੇ ਕੌਮੀ ਪ੍ਰਧਾਨ ਕ੍ਰਿਸ ਏਲਵਰਡ ਨੇ ਆਖਿਆ ਕਿ ਯੂਨੀਅਨ ਨੇ ਇਹ ਸ਼ਨਾਖਤ ਕੀਤੀ ਹੈ ਕਿ 500 ਫੈਡਰਲ ਮੁਲਾਜ਼ਮ ਅਜਿਹੇ ਹਨ ਜਿਹੜੇ ਕੰਮ ਉੱਤੇ ਇੰਡੀਜੀਨਸ ਭਾਸ਼ਾ ਦੀ ਵਰਤੋਂ ਕਰਦੇ ਹਨ।
ਉਨ੍ਹਾਂ ਆਖਿਆ ਕਿ ਜੇ ਅਜਿਹੇ ਮੁਲਾਜ਼ਮਾਂ ਲਈ ਇਸ ਤਰ੍ਹਾਂ ਦਾ ਬੋਨਸ ਨਹੀਂ ਰੱਖਿਆ ਜਾਂਦਾ ਤਾਂ ਉਹ ਪੱਖਪਾਤੀ ਵਿਵਹਾਰ ਹੋਵੇਗਾ। ਉਨ੍ਹਾਂ ਆਖਿਆ ਕਿ ਸਰਕਾਰ ਨਾਲ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਨਵੇਂ ਕਾਂਟਰੈਕਟ ਬਾਰੇ ਵਿਚਾਰ ਵਟਾਂਦਰਾ ਕਰ ਰਹੀ ਯੂਨੀਅਨ ਵੱਲੋਂ ਬਾਇਲਿੰਗੂਅਲ ਬੋਨਸ 800 ਡਾਲਰ ਤੋਂ ਵਧਾ ਕੇ 1500 ਡਾਲਰ ਤੱਕ ਕਰਨ ਦੀ ਸਿਫਾਰਿਸ਼ ਵੀ ਕੀਤੀ ਜਾ ਰਹੀ ਹੈ।