ਡਾਇਵਰਸਿਟੀ ਮੰਤਰੀ ਅਹਿਮਦ ਹੁਸੈਨ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਸਲਵਾਦ ਵਿਰੋਧੀ ਪਹਿਲਕਦਮੀ ਨੂੰ ਦਿੱਤੇ ਜਾ ਰਹੇ ਫੰਡਾਂ ਵਿੱਚ ਕਟੌਤੀ ਕਰੇ। ਪੋ੍ਰਜੈਕਟ ਨਾਲ ਜੁੜੇ ਇੱਕ ਸੀਨੀਅਰ ਸਲਾਹਕਾਰ ਵੱਲੋਂ ਨਿੰਦਣਯੋਗ ਤੇ ਨੀਚ ਟਵੀਟਸ ਕੀਤੇ ਜਾਣ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਹੈ।
ਸੋਮਵਾਰ ਨੂੰ ਹੁਸੈਨ ਨੇ ਐਲਾਨ ਕੀਤਾ ਕਿ ਇਹ ਪੇਸ਼ਕਦਮੀ, ਜਿਹੜੀ ਕਮਿਊਨਿਟੀ ਮੀਡੀਆ ਐਡਵੋਕੇਸੀ ਸੈਂਟਰ ਵੱਲੋਂ ਚਲਾਈ ਜਾ ਰਹੀ ਸੀ, ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਨੂੰ ਹੈਰੀਟੇਜ ਡਿਪਾਰਟਮੈਂਟ ਵੱਲੋਂ 133,000 ਡਾਲਰ ਤੋਂ ਵੱਧ ਦੀ ਰਕਮ ਹਾਸਲ ਹੋਈ ਸੀ। ਇਹ ਕਦਮ ਕੈਨੇਡੀਅਨ ਪ੍ਰੈੱਸ ਵੱਲੋਂ ਛਾਪੀ ਗਈ ਉਸ ਰਿਪੋਰਟ ਦੇ ਅਧਾਰ ਉੱਤੇ ਚੁੱਕਿਆ ਗਿਆ ਹੈ ਜਿਸ ਵਿੱਚ ਆਖਿਆ ਗਿਆ ਸੀ ਕਿ ਲੇਥ ਮੈਰੂਫ, ਜੋ ਕਿ ਕੈਨੇਡੀਅਨ ਬ੍ਰੌਡਕਾਸਟਿੰਗ ਲਈ ਨਸਲਵਾਦ ਵਿਰੋਧੀ ਰਣਨੀਤੀ ਤਿਆਰ ਕਰਨ ਵਾਲੇ ਪੋ੍ਰਜੈਕਟ ਦੇ ਸੀਨੀਅਰ ਸਲਾਹਕਾਰ ਹਨ, ਨੇ ਆਪਣੇ ਟਵਿੱਟਰ ਐਕਾਊਂਟ ਉੱਤੇ ਭੱਦੀਆਂ ਟਿੱਪਣੀਆਂ ਕੀਤੀਆਂ ਹਨ।ਉਨ੍ਹਾਂ ਵੱਲੋਂ ਇਨ੍ਹਾਂ ਟਵੀਟਸ ਵਿੱਚ ਭੈੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ ਹੈ।
ਹੁਸੈਨ ਨੇ ਆਖਿਆ ਕਿ ਸਾਡੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੇ ਭੇਦ-ਭਾਵ ਲਈ ਕੋਈ ਥਾਂ ਨਹੀਂ। ਮੈਰੂਫ ਵੱਲੋਂ ਯਹੂਦੀਆਂ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਉਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਇਸ ਲਈ ਅਸੀਂ ਕਮਿਊਨਿਟੀ ਮੀਡੀਆ ਐਡਵੋਕੇਸੀ ਸੈਂਟਰ (ਸੀਐਮਏਸੀ) ਨੂੰ ਨੋਟਿਸ ਭੇਜ ਕੇ ਇਹ ਦੱਸ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਫੰਡਾਂ ਉੱਤੇ ਰੋਕ ਲਾ ਦਿੱਤੀ ਗਈ ਹੈ ਤੇ ਉਨ੍ਹਾਂ ਦਾ ਪੋ੍ਰਜੈਕਟ ਸਸਪੈਂਡ ਕਰ ਦਿੱਤਾ ਗਿਆ ਹੈ।
