ਮੇਅਰ ਪੈਟਿ੍ਰਕ ਬਰਾਊਨ ਆਪਣੇ ਬੁਣੇ ਜਾਲ ਚ ਫਸਣ ਲੱਗੇ :
ਬਰੈਂਪਟਨ: ਚਮਕੌਰ ਸਿੰਘ ਮਾਛੀਕੇ – ਮੇਅਰ ਪੈਟਿ੍ਰਕ ਬਰਾਊਨ ਦਾ ਮੁਸੀਬਤਾਂ ਨਾਲ ਕਾਫ਼ੀ ਗੂੜਾ ਰਿਸ਼ਤਾ ਹੈ । ਸਕੈਂਡਲਾਂ ਕਾਰਨ ਚਰਚਾ ਚ ਰਹਿਣ ਵਾਲੇ ਮੇਅਰ ਪੈਟਿ੍ਰਕ ਬਰਾਊਨ ਲਈ ਬਰੈਂਪਟਨ ਸ਼ਹਿਰ ਸੰਜੀਵਨੀ ਬੂਟੀ ਵਾਂਗ ਕੰਮ ਕਰਦਾ ਰਿਹਾ ਹੈ । ਪਰੋਵਿੰਸ ਅਤੇ ਫੈਡਰਲ ਲੀਡਰਸ਼ਿਪ ਵੱਲੋਂ ਨਕਾਰੇ ਪੈਟਿ੍ਰਕ ਨੂੰ ਬਰੈਂਪਟਨ ਸ਼ਹਿਰ ਨੇ ਸਿਆਸੀ ਜ਼ਮੀਨ ਦਿੱਤੀ ।ਸਿਆਣੇ ਕਹਿੰਦੇ ਹਨ ਕਿ ਸਮੇਂ ਦੇ ਨਾਲ ਹਾਲਾਤ ਵੀ ਬਦਲ ਜਾਂਦੇ ਹਨ । ਮੇਅਰ ਪੈਟਿ੍ਰਕ ਬਰਾਊਨ ਲਈ ਬਰੈਂਪਟਨ ਸ਼ਹਿਰ ਹੁਣ ਸੰਜਵਨੀ ਬੂਟੀ ਨਹੀਂ ਰਿਹਾ । ਉਸਦੇ ਖਾਸਮ-ਖਾਸ ਇੱਕ ਇੱਕ ਕਰਕੇ ਉਸਦਾ ਸਾਥ ਛੱਡ ਰਹੇ ਹਨ । ਪਿਛਲੇ ਚਾਰ ਸਾਲ ਚ ਬਰੈਂਪਟਨ ਚ ਕੁਝ ਵੀ ਨਵਾਂ ਨਹੀਂ ਹੋਇਆ । ਹੈਲਥ ਸਿਸਟਮ ਉੱਥੇ ਦਾ ਉੱਥੇ , ਕਰਾਈਮ ਦਿਨੋ ਦਿਨ ਵੱਧ ਰਿਹਾ , ਕੋਈ ਇਨਫਰਾਸਟਰੱਕਚਰ ਨਹੀਂ , ਅਨੇਕਾਂ ਮੁੱਦੇ ਹਨ , ਮੁੱਕਦੀ ਗੱਲ ਤਾਂ ਇਹ ਹੈ ਕਿ ਬਰੈਂਪਟਨ ਬਦਲਾ ਚਹੁੰਦਾ ਹੈ । ਪੈਟਿ੍ਰਕ ਦੇ ਅਤਿ ਕਰੀਬੀ ਗੁਲਾਬ ਸਿੰਘ ਸੈਣੀ ਵੱਲੋਂ ਪੈਟਿ੍ਰਕ ਦਾ ਸਾਥ ਛੱਡਣ ਨਾਲ ਸਿਆਸਤ ਕਾਫ਼ੀ ਗਰਮਾ ਗਈ ਹੈ । ਕਾਰਨ ਸ਼ਾਇਦ ਕੁਝ ਲੈਣ- ਦੇਣ ਦਾ ਹੀ ਜਾਪਦਾ ਹੈ ਪਰ ਆਰਟੀਕਲ ਲਿਖਣ ਤੱਕ ਕੁਝ ਕਲੀਅਰ ਨਹੀਂ ਹੋ ਸਕਿਆ । ਕਾਰਨ ਭਾਵੇਂ ਕੁਝ ਵੀ ਹੋਵੇ ਪਰ ਹੁਣ ਤੱਕ ਜੇਤੂ ਸਮਝੇ ਜਾ ਰਹੇ ਪੈਟਿ੍ਰਕ ਦੀ ਪੁੱਠੀ ਗਿਣਤੀ ਸੁਰੂ ਹੋ ਗਈ ਜਾਪਦੀ ਹੈ । ਅਜੇ ਹੋਰ ਕਈ ਧਮਾਕੇ ਹੋਣੇ ਨੇ । ਵੇਖਦੇ ਹਾਂ ਆਉਣ ਵਾਲੇ ਦਿਨਾਂ ਚ ਸਿਆਸਤ ਦਾ ਕੀ ਰੰਗ ਉਘੜਦਾ ਹੈ ।