ਗੁਰਦੁਆਰਾ ਪੰਜਾ ਸਾਹਿਬ ਵਿਖੇ ਕਲਾਕਾਰਾਂ ਨੇ ‘ਸਿੱਖ ਦਿੱਖ’ ਦਾ ਉਡਾਇਆ ਮਜ਼ਾਕ
ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਇਲਾਕੇ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਅੰਦਰ ਫਿਲਮ ਦੀ ਸ਼ੂਟਿੰਗ ਦੌਰਾਨ ਗੈਰ-ਸਿੱਖਾਂ ਨੂੰ ਸਿੱਖਾਂ ਦਾ ਪਹਿਰਾਵਾ ਪਹਿਨਾਏ ਜਾਣ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਸਿੱਖਾਂ ਨੇ ਦੱਸਿਆ ਕਿ ਪੰਜਾਬੀ ਫਿਲਮ ‘ਲਾਹੌਰ ਲਾਹੌਰ ਐ’ ਦੇ ਦਰਜਨ ਤੋਂ ਵੱਧ ਮੁਸਲਿਮ ਕਲਾਕਾਰ ਗੁਰਦੁਆਰੇ ਦੇ ਅੰਦਰ ਪੱਗਾਂ ਬੰਨ੍ਹ ਕੇ ਸਿੱਖ ਹੋਣ ਦਾ ਢੌਂਗ ਰਚ ਰਹੇ ਹਨ ਅਤੇ ਫਿਲਮ ਦੇ ਕੁਝ ਦ੍ਰਿਸ਼ ਵੀ ਸ਼ੂਟ ਕਰ ਰਹੇ ਹਨ। ਫਿਲਮੀ ਕਲਾਕਾਰ ਬਿਨ੍ਹਾਂ ਸਿਰ ਢੱਕੇ ਅਤੇ ਬਿਨ੍ਹਾਂ ਜੁੱਤੇ ਲਾਹੇ ਗੁਰਦੁਆਰੇ ਵਿੱਚ ਦਾਖਲ ਹੋਏ।
ਉਨ੍ਹਾਂ ਨੇ ਬਹੁਤ ਹੀ ਅਸੰਵੇਦਨਸ਼ੀਲ ਤਰੀਕੇ ਨਾਲ ਪੱਗ ਬੰਨ੍ਹੀ ਅਤੇ ਸਿੱਖ ਦਿੱਖ ਦਾ ਮਜ਼ਾਕ ਉਡਾਇਆ। ਉਨ੍ਹਾਂ ਦੀ ਦਾੜ੍ਹੀ ਵੀ ਕੱਟੀ ਹੋਈ ਸੀ। ਹਸਨ ਅਬਦਾਲ ਦੇ ਗੁਰਦੁਆਰਾ ਸਾਹਿਬ ਅਤੇ ਹੋਰ ਸਿੱਖ ਸੇਵਾਦਾਰਾਂ ਨੇ ਇਸਦਾ ਵਿਰੋਧ ਕੀਤਾ ਅਤੇ ਫਿਲਮ ਦੇ ਅਮਲੇ ਨੂੰ ਕਿਹਾ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਿੱਖ ਕੌਮ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਇੱਥੇ ਕਿਸੇ ਵੀ ਹਾਲਤ ਵਿੱਚ ਬੇਅਦਬੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਫਿਲਮ ਯੂਨਿਟ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਫਿਲਮ ਦੀ ਸ਼ੂਟਿੰਗ ਗੁਰਦੁਆਰੇ ਵਿੱਚ ਜਾਰੀ ਰਹੀ ਤਾਂ ਸ਼ੂਟਿੰਗ ਟੀਮ ਅਤੇ ਇਸ ਦੇ ਸਾਜੋ-ਸਮਾਨ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।