ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ ‘ਚ 127 ਲੋਕਾਂ ਦੀ ਮੌਤ
ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ ‘ਚ ਘੱਟ ਤੋਂ ਘੱਟ 127 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪੂਰਬੀ ਜਾਵਾ ਦੇ ਮਲੰਗ ਰੀਜੈਂਸੀ ਦੇ ਕੰਜੂਰੂਹਾਨ ਸਟੇਡੀਅਮ ਵਿੱਚ ਵਾਪਰੀ। ਖ਼ਬਰਾਂ ਮੁਤਾਬਕ ਅਰੇਮਾ ਐਫਸੀ ਅਤੇ ਪਰਸੇਬਾਯਾ ਸੁਰਬਾਇਆ ਵਿਚਾਲੇ ਮੈਚ ਚੱਲ ਰਿਹਾ ਸੀ। ਇਸ ਦੌਰਾਨ ਅਰੇਮਾ ਦੀ ਟੀਮ ਹਾਰ ਗਈ। ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਪ੍ਰਸ਼ੰਸਕ ਆਪਣੀ ਟੀਮ ਨੂੰ ਹਾਰਦਾ ਦੇਖ ਕੇ ਮੈਦਾਨ ਵੱਲ ਭੱਜਣ ਲੱਗੇ।
ਇਸ ਦੌਰਾਨ ਕੁਝ ਲੋਕਾਂ ਨੇ ਖਿਡਾਰੀਆਂ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਲੋਕ ਮੈਦਾਨ ‘ਚ ਦਾਖਲ ਹੋ ਗਏ ਅਤੇ ਸੁਰੱਖਿਆ ਕਰਮਚਾਰੀਆਂ ‘ਤੇ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਪੁਲਿਸ ਲੋਕਾਂ ‘ਤੇ ਲਾਠੀਚਾਰਜ ਕਰ ਰਹੀ ਹੈ ਅਤੇ ਲੋਕਾਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ।
BREAKING : 127 people die during riots at a football match in Indonesia pic.twitter.com/9gsAbUPL7Y
— World news (@Nft79073269) October 2, 2022
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਲੋਕਾਂ ਦੀ ਮੌਤ ਹਮਲੇ, ਭਗਦੜ ਅਤੇ ਦਮ ਘੁੱਟਣ ਕਾਰਨ ਹੋਈ ਹੈ। ਇਸ ਦੇ ਨਾਲ ਹੀ ਸਟੇਡੀਅਮ ਵਿੱਚ ਮਾਰੇ ਗਏ ਲੋਕਾਂ ਵਿੱਚ ਦੋ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਘਟਨਾ ‘ਚ ਜ਼ਖਮੀ ਹੋਏ ਕਰੀਬ 180 ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਪੂਰਬੀ ਜਾਵਾ ਦੇ ਪੁਲਿਸ ਅਧਿਕਾਰੀ ਨਿਕੋ ਅਫਿੰਟਾ ਨੇ ਮੀਡੀਆ ਨੂੰ ਦੱਸਿਆ ਕਿ ਸਟੇਡੀਅਮ ਦੇ ਅੰਦਰ 34 ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀਆਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।