ਬਰੈਂਪਟਨ ਦੇ ਹਰਪ੍ਰੀਤ ਸੈਣੀ ‘ਤੇ ਲੱਖਾਂ ਡਾਲਰ ਦੀ ਧੋਖਾਧੜੀ ਦੇ ਲੱਗੇ ਦੋਸ਼
ਕੈਨੇਡਾ ਦੇ ਬਰੈਂਪਟਨ ਸ਼ਹਿਰ ਨਾਲ ਸਬੰਧਤ ਹਰਪ੍ਰੀਤ ਸੈਣੀ ‘ਤੇ 10 ਲੱਖ ਡਾਲਰ ਦੀ ਠੱਗੀ ਅਤੇ ਇਨਸਾਈਡਰ ਟ੍ਰੇਡਿੰਗ ਦੇ ਦੋਸ਼ ਆਇਦ ਕੀਤੇ ਗਏ ਹਨ। ਓਨਟਾਰੀਓ ਸਕਿਓਰਟੀਜ਼ ਕਮਿਸ਼ਨ ਨੇ ਕਿਹਾ ਕਿ ਸਟਾਕ ਮਾਰਕੀਟ ਨਾਲ ਸਬੰਧਤ ਹਰਪ੍ਰੀਤ ਸੈਣੀ ਦੇ ਖਾਤੇ ਵਿੱਚ ਜਮ੍ਹਾ $6,74,000 ਨੂੰ ਫਰੀਜ਼ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਈ 2018 ਤੋਂ ਜੁਲਾਈ 2021 ਦਰਮਿਆਨ ਹਰਪ੍ਰੀਤ ਸੈਣੀ ਅਤੇ ਜੌਹਨ ਨੋਟੀਵੀਡੈਡ ਨੇ ਆਪਣੇ ਇਪਲੋਇਰ ਰਾਹੀਂ ਗੈਰ-ਜਨਤਕ ਜਾਣਕਾਰੀ ਇਕੱਠੀ ਕੀਤੀ, ਜਿਸ ਲਈ ਉਨ੍ਹਾਂ ਕੋਲ ਕੋਈ ਅਥਾਰਟੀ ਨਹੀਂ ਸੀ। ਇਸ ਦੇ ਨਾਲ ਹੀ, ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੋਵਾਂ ਨੇ ਗਲੋਬ ਨਿਊਜ਼ ਵਾਇਰ ‘ਤੇ ਸਿਸਟਮ ਡਿਵੈਲਪਰਾਂ ਵਜੋਂ ਵੀ ਕੰਮ ਕੀਤਾ।
ਓਨਟਾਰੀਓ ਸਕਿਓਰਿਟੀਜ਼ ਕਮਿਸ਼ਨ ਦੇ ਡਾਇਰੈਕਟਰ ਇਨਫ਼ੋਰਸਮੈਂਟ ਜੈਫ ਕੇਹੋ ਨੇ ਦੱਸਿਆ ਕਿ ਕਰਮਚਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੰਮ ਦੌਰਾਨ ਪ੍ਰਾਪਤ ਜਾਣਕਾਰੀ ਨੂੰ ਗੁਪਤ ਰੱਖਣ ਅਤੇ ਨਿੱਜੀ ਲਾਭ ਲਈ ਇਸਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਨਾ ਕਰਨ। ਸ਼ੇਅਰ ਬਾਜ਼ਾਰ ਦੇ ਰੁਝਾਨ ਬਾਰੇ ਪਹਿਲਾਂ ਹੀ ਪਤਾ ਲੱਗਣ ‘ਤੇ ਇਕ ਕੰਪਨੀ ਵਿਸ਼ੇਸ਼ ਦੇ ਸ਼ੇਅਰ ਖਰੀਦਣ ਨਾਲ ਨਿਵੇਸ਼ਕਾਂ ਦੇ ਭਰੋਸੇ ਨੂੰ ਖੋਰਾ ਲਗਦਾ ਹੈ। ਹਰਪ੍ਰੀਤ ਸੈਣੀ ਅਤੇ ਜੌਹਨ 21 ਨਵੰਬਰ ਨੂੰ ਬਰੈਂਪਟਨ ਦੀ ਅਦਾਲਤ ‘ਚ ਪੇਸ਼ ਹੋਣਗੇ।