ਕੈਲੀਫੋਰਨੀਆ ‘ਚ ਅਗਵਾ ਹੋਏ ਪੰਜਾਬੀ ਪਰਿਵਾਰ ਦੀ ਮੌਤ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ‘ਚ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ 8 ਮਹੀਨੇ ਦੇ ਬੱਚੇ ਸਮੇਤ 3 ਮੈਂਬਰ ਸਿੱਖ ਪਰਿਵਾਰ ਦੇ ਅਗਵਾ ਹੋਣ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਗਵਾ ਹੋਏ ਪਰਿਵਾਰ ਦੇ ਚਾਰੇ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮਰਸਡ ਸ਼ੈਰਿਫ ਅਧਿਕਾਰੀਆਂ ਨੇ ਅਗਵਾ ਕੀਤੀ ਗਈ 8 ਮਹੀਨੇ ਦੀ ਬੱਚੀ, ਉਸ ਦੀ ਮਾਂ, ਪਿਤਾ ਅਤੇ ਤਾਏ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਪਰਿਵਾਰਕ ਮੈਂਬਰਾਂ ਦੀ ਪਛਾਣ 8 ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਅਮਨਦੀਪ ਸਿੰਘ (39) ਵਜੋਂ ਹੋਈ ਹੈ। ਦਰਅਸਲ ਸੋਮਵਾਰ ਦੇਰ ਰਾਤ ਪਰਿਵਾਰ ਦੀ ਗੱਡੀ ਸੜੀ ਹਾਲਤ ‘ਚ ਮਿਲੀ ਸੀ, ਜਿਸ ਦੇ ਆਧਾਰ ‘ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਤੈਅ ਕੀਤਾ ਕਿ ਚਾਰਾਂ ਨੂੰ ਅਗਵਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਜਸਦੀਪ ਦੇ ਮਾਤਾ-ਪਿਤਾ ਡਾ. ਰਣਧੀਰ ਸਿੰਘ ਅਤੇ ਕ੍ਰਿਪਾਲ ਕੌਰ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਵਸਨੀਕ ਹਨ।ਇਸ ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ‘ਚ ਹੈ ਅਤੇ ਉਹ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਹਨ।