ਅੰਮ੍ਰਿਤਸਰ ਸਾਹਿਬ: 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲੇ ‘ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਲਿਆਏ ਸਨ।ਉਹਨਾਂ ਦੇ ਇਥੇ ਪਹੁੰਚਣ ਦੀ ਯਾਦ ‘ਚ ਸਿੱਖ ਦੀਵਾਲੀ ਨੂੰ ਬੰਦੀਛੋੜ ਦਿਵਸ ਵਜੋਂ ਮਨਾਉਂਦੇ ਹਨ, ਜੋ ਹਰ ਸਾਲ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਬੰਦੀਛੋੜ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਮਗਰੋਂ ਅਲੌਕਿਕ ਆਤਿਸ਼ਬਾਜ਼ੀ ਹੋਈ ਅਤੇ ਦੀਪਮਾਲਾ ਦਾ ਸੰਗਤ ਨੇ ਭਰਪੂਰ ਅਨੰਦ ਮਾਣਿਆ। ਇਸ ਮੌਕੇ ਲੱਖਾਂ ਦੀ ਗਿਣਤੀ ‘ਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਅਸਥਾਨਾਂ ਵਿਖੇ ਨਤਮਸਤਕ ਹੋਈ, ਸੰਗਤਾਂ ਵਲੋਂ ਦੀਵੇ ਜਗਾਏ ਗਏ ਅਤੇ ਪਵਿੱਤਰ ਸਰੋਵਰ ‘ਚ ਇਸ਼ਨਾਨ ਵੀ ਕੀਤਾ ਗਿਆ।