ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਸਿੰਧ ਸੂਬੇ ਵਿੱਚ ਇੱਕ ਵੈਨ ਪਾਣੀ ਨਾਲ ਭਰੀ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿਚ 12 ਬੱਚਿਆਂ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ।ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਔਰਤਾਂ ਅਤੇ ਬੱਚਿਆਂ ਸਮੇਤ ਸ਼ਰਧਾਲੂਆਂ ਨੂੰ ਸੂਬੇ ਦੇ ਖੈਰਪੁਰ ਤੋਂ ਸੇਹਵਾਨ ਸ਼ਰੀਫ ਵੱਲ ਲਿਜਾ ਰਹੀ ਯਾਤਰੀ ਵੈਨ ਖੈਰਪੁਰ ਨੇੜੇ ਇੰਡਸ ਹਾਈਵੇਅ ‘ਤੇ ਹੜ੍ਹ ਦੇ ਪਾਣੀ ਲਈ ਬਣੇ ਟੋਏ ‘ਚ ਡਿੱਗ ਗਈ।
ਪੁਲਸ ਮੁਤਾਬਕ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਸਈਅਦ ਅਬਦੁੱਲਾ ਸ਼ਾਹ ਇੰਸਟੀਚਿਊਟ ਸਹਿਵਾਨ ਸ਼ਰੀਫ਼ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਵੈਨ ਖੈਰਪੁਰ ਜ਼ਿਲੇ ਤੋਂ ਸਹਿਵਾਨ ਦੀ ਇਕ ਮਸ਼ਹੂਰ ਸੂਫੀ ਦਰਗਾਹ ‘ਤੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਇੰਡਸ ਹਾਈਵੇਅ ਦੇ ਸਾਹਮਣੇ ਸਿੰਧ ਨਦੀ ਵਿੱਚ ਪਾਣੀ ਦੇ ਵਹਾਅ ਨੂੰ ਤੇਜ਼ ਕਰਨ ਲਈ 30 ਫੁੱਟ ਚੌੜਾ ਟੋਆ ਬਣਾਇਆ ਗਿਆ ਸੀ।ਪੁਲਿਸ ਅਨੁਸਾਰ ਇਹ ਟੋਆ ਕਰੀਬ ਦੋ ਮਹੀਨਿਆਂ ਤੋਂ ਪਾਣੀ ਨਾਲ ਭਰਿਆ ਹੋਇਆ ਸੀ।
ਪਾਕਿਸਤਾਨ ਭਿਆਨਕ ਹੜ੍ਹਾਂ ਕਾਰਨ ਬੇਮਿਸਾਲ ਦੁੱਖਾਂ ਵਿੱਚੋਂ ਲੰਘਿਆ ਹੈ। ਹੜ੍ਹਾਂ ਕਾਰਨ 1600 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਸੜਕਾਂ ਅਤੇ ਪੁਲ ਨੁਕਸਾਨੇ ਗਏ।ਚਸ਼ਮਦੀਦਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੀ ਅਣਗਹਿਲੀ ਕਾਰਨ 2 ਮਹੀਨਿਆਂ ਤੋਂ ਟੋਏ ਨੂੰ ਬੰਦ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।