ਇੰਗਲੈਂਡ ‘ਚ ਸਿੱਖਾਂ ਦੀ ਗਿਣਤੀ ‘ਚ ਹੋਇਆ ਵਾਧਾ, ਪੰਜਾਬੀ ਬੋਲੀ ਨੂੰ ਚੌਥਾ ਸਥਾਨ ਹਾਸਿਲ
ਪੰਜਾਬੀ ਭਾਸ਼ਾ ਨੇ ਪੰਜਾਬ ਤੋਂ ਇਲਾਵਾ ਹੋਰਾਂ ਦੇਸ਼ਾਂ ‘ਚ ਆਪਣਾ ਨਾਮ ਚਮਕਾ ਲਿਆ ਹੈ। ਪੰਜਾਬੀ ਭਾਸ਼ਾ ਨੂੰ ਬੋਲਣ ‘ਚ ਪੰਜਾਬੀ ਮਾਣ ਮਹਿਸੂਸ ਕਰਦੇ ਹਨ। ਪੰਜਾਬੀ ਦੁਨੀਆਂ ਦੇ ਜਿਹੜੇ-ਜਿਹੜੇ ਵੀ ਮੁਲਕਾਂ ਵਿਚ ਵਸੇ ਹਨ ਉਹਨਾਂ ਮੁਲਕਾਂ ਵਿੱਚ ਪੰਜਾਬੀ ਨੂੰ ਘੱਟ ਗਿਣਤੀ ਭਾਸ਼ਾ ਵੱਜੋਂ ਜਾਣਿਆ ਜਾਂਦਾ ਹੈ। ਪਰ ਕੈਨੇਡਾ ਵਿੱਚ ਪੰਜਾਬੀਆਂ ਦੀ ਬਹੁ ਗਿਣਤੀ ਵਿੱਚ ਵੱਸੋਂ ਹੋਣ ਕਰਕੇ ਪੰਜਾਬੀ ਇੱਥੋਂ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਤੀਜੇ ਨੰਬਰ ਤੇ ਬੋਲੀ ਜਾਣ ਵਾਲੀ ਆਮ ਭਾਸ਼ਾ ਬਣ ਗਈ ਹੈ। ਸਮੇਂ ਦੇ ਬਦਲਾਅ ਨੇ ਵੀ ਪੰਜਾਬੀ ਭਾਸ਼ਾ ਤੇ ਆਪਣਾ ਪੂਰਾ ਪ੍ਰਭਾਵ ਪਾਇਆ ਹੈ।
ਅੱਜ ਇੰਗਲੈਂਡ ਅਤੇ ਵੇਲਜ਼ 2021 ਜਨਗਣਨਾ ਦੇ ਧਰਮ ਅਧਾਰ ਅਤੇ ਬੋਲੀ ਦੇ ਅਧਾਰ ‘ਤੇ ਅੰਕੜੇ ਜਾਰੀ ਕੀਤੇ ਗਏ ਹਨ । ਅੰਕੜਾ ਵਿਭਾਗ ਓ.ਐੱਨ. ਐੱਸ. ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇੰਗਲੈਂਡ ਤੇ ਵੇਲਜ਼ ‘ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਨੂੰ ਚੌਥਾ ਸਥਾਨ ਹਾਸਿਲ ਹੋਇਆ ਹੈ । ਯੂ.ਕੇ ਵਿੱਚ ਪਹਿਲੇ ਨੰਬਰ ਤੇ ਅੰਗ੍ਰੇਜ਼ੀ , ਦੂਜੇ ਨੰਬਰ ਤੇ ਪੋਲਿਸ ,ਤੀਜੇ ਸਥਾਨ ਤੇ ਰੋਮੀਨੀਅਨ ਤੇ ਚੌਥਾ ਸਥਾਨ ਪੰਜਾਬੀ ਨੇ ਹਾਸਿਲ ਕੀਤਾ ਹੈ। 2001 ਵਿਚ ਯੂ. ਕੇ. ਵਿਚ ਪੰਜਾਬੀ ਦਾ ਦੂਜਾ ਸਥਾਨ ਸੀ । ਧਰਮ ਦੇ ਅਧਾਰ ਤੇ ਵੇਖਿਆ ਜਾਵੇ ਤਾਂ ਸਿੱਖਾਂ ਦੀ ਗਿਣਤੀ ਵਿੱਚ 1010000 ਤੱਕ ਦਾ ਵਾਧਾ ਹੋਇਆ ਹੈ। 2011 ਵਿਚ ਸਿੱਖਾਂ ਦੀ ਅਬਾਦੀ 423000 ਸੀ। ਜੋ ਹੁਣ ਵੱਧ ਕੇ 524000 ਹੋ ਗਈ ਹੈ।
ਈਸਾਈ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ 14 ਫ਼ੀਸਦੀ ਵਸੋਂ ਘਟੀ ਹੈ ਭਾਵ ਕਿ 2011 ਵਿੱਚ ਈਸਾਈ ਭਾਈਚਾਰੇ ਦੀ ਗਿਣਤੀ 3 ਕਰੋੜ 33 ਲੱਖ ਹੈ ਯਾਨੀ ਕੇ 59.3 ਫ਼ੀਸਦੀ ਸੀ ਜੋ ਹੁਣ 2021 ਵਿਚ ਘੱਟ ਕੇ 2 ਕਰੋੜ 75 ਲੱਖ ਅਨੁਸਾਰ 46.2 ਰਹਿ ਗਈ ਹੈ । ਜਿੰਨ੍ਹਾਂ ਲੋਕਾਂ ਨੇ ਆਪਣੇ ਨਾਲ ਕਿਸੇ ਧਰਮ ਨੂੰ ਨਹੀਂ ਜੋੜਿਆ ਉਹਨਾਂ ਦੀ ਗਿਣਤੀ ਵਿਚ 12 ਫ਼ੀਸਦੀ ਵਾਧਾ ਹੋਇਆ । ਅਜਿਹੇ ਲੋਕ ਦੀ ਅਬਾਦੀ 1 ਕਰੋੜ 41 ਲੱਖ ਤੋਂ ਵੱਧ ਕੇ 2ਕਰੋੜ 22ਲੱਖ ਤੱਕ ਪੁੱਜ ਗਈ ਹੈ। ਹਿੰਦੂ ਭਾਈਚਾਰੇ ਦੀ ਗਿਣਤੀ ਵਿਚ ਵੀ 1.5 ਫ਼ੀਸਦੀ ਵਾਧਾ ਹੋਇਆ ਜੋ 818000 ਤੋਂ ਵੱਧ ਕੇ 10 ਲੱਖ ਤਕ ਪੁੱਜ ਗਈ ਹੈ । ਮੁਸਲਿਮ ਅਬਾਦੀ ਵਿਚ ਵੀ 27 ਲੱਖ ਤੋਂ ਵੱਧ ਕੇ 39 ਲੱਖ ਤੱਕ ਵਾਧਾ ਹੋਇਆ ਹੈ । ਇਸੇ ਤਰ੍ਹਾਂ ਬੋਧੀਆਂ ਦੀ ਵਸੋਂ 249000 ਤੋਂ ਵੱਧ ਕੇ 273000 ਅਤੇ ਯਹੂਦੀਆਂ ਦੀ ਸੰਖਿਆ 265000 ਤੋਂ ਵੱਧ ਕੇ 271000 ਹੋ ਗਈ ਹੈ ।
ਇਸ ਤਰ੍ਹਾਂ ਦੇਖਿਆ ਜਾਵੇ ਤਾਂ ਬਾਹਰ ਦੇ ਦੇਸ਼ਾਂ ਵਿੱਚ ਵੀ ਪੰਜਾਬੀ ਜ਼ਿੰਦਾ ਹੈ । ਵਿਦੇਸ਼ਾਂ ਵਿਚ ਵੀ ਲੋਕ ਪੰਜਾਬੀ ਨੂੰ ਵਿਸ਼ੇਸ਼ ਸਥਾਨ ਦਿੰਦੇ ਹਨ । ਹਿੰਦੁਸਤਾਨੁ ਵਿਚ ਹੀ ਨਹੀਂ ਸਗੋਂ ਕਈ ਮੁਲਕਾਂ ਵਿਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਕਰੋੜਾ ਦੀ ਗਿਣਤੀ ਵਿਚ ਹਨ । ਉਹ ਆਪਣੇ ਆਪਣੇ ਪੱਧਰ ਤੇ ਪੰਜਾਬੀ ਦੇ ਵਿਕਾਸ , ਪ੍ਰਸਾਰ ਤੇ ਵਿਸਤਾਰ ਲਈ ਸਰਗਰਮ ਹਨ।