GTA News Media

Top Info Bar
22.1°C Toronto Loading date...
Canada

ਹੰਬੋਲਟ ਬ੍ਰੌਂਕੋਸ ਬੱਸ ਹਾਦਸਾ: ਜਸਕੀਰਤ ਸਿੱਧੂ ਨੂੰ ਡਿਪੋਰਟ ਹੋਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

ਹੰਬੋਲਟ ਬ੍ਰੌਂਕੋਸ ਬੱਸ ਹਾਦਸਾ: ਜਸਕੀਰਤ ਸਿੱਧੂ ਨੂੰ ਡਿਪੋਰਟ ਹੋਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
Share this post via:

ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੇ ਵਕੀਲ ਨੂੰ ਸਿੱਧੂ ਨੂੰ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਫ਼ੈਡਰਲ ਕੋਰਟ ਵਿੱਚ ਮਾਮਲੇ ‘ਤੇ ਬਹਿਸ ਹੋਣ ਦੀ ਆਸ ਹੈ। ਇਹ ਹਾਦਸਾ ਸਸਕੈਚਵਨ ਦੇ ਪੇਂਡੂ ਇਲਾਕੇ ਵਿਚ ਹੋਇਆ ਸੀ। ਜਸਕੀਰਤ ਨੇ ਖ਼ਤਰਨਾਕ ਡਰਾਈਵਿੰਗ ਦੇ ਇਲਜ਼ਾਮਾਂ ਵਿਚ ਇਕਬਾਲੇ ਜੁਰਮ ਕੀਤਾ ਸੀ, ਜਿਸ ਵਿਚ ਉਸਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਜਸਕੀਰਤ ਟਰੱਕ ਚਲਾ ਰਿਹਾ ਸੀ ਅਤੇ ਇੰਟਰਸੈਕਸ਼ਨ ‘ਤੇ ਬਣੇ ਸਟੌਪ ਸਾਈਨ ‘ਤੇ ਨਹੀਂ ਰੁਕਿਆ ਤੇ ਸਿੱਧਾ ਇੱਕ ਬੱਸ ਨਾਲ ਟਕਰਾ ਗਿਆ। ਬੱਸ ਹੰਬੋਲਟ ਬ੍ਰੌਂਕੋਸ ਦੀ ਹਾਕੀ ਟੀਮ  ਨੂੰ ਲੈਕੇ ਜਾ ਰਹੀ ਸੀ। ਇਸ ਘਾਤਕ ਹਾਦਸੇ ਵਿਚ 16 ਮੌਤਾਂ ਹੋਈਆਂ ਸਨ ਅਤੇ 13 ਜਣੇ ਜ਼ਖ਼ਮੀ ਹੋਏ ਸਨ। ਮਾਰਚ ਵਿਚ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਨੇ ਸਿਫ਼ਾਰਿਸ਼ ਕੀਤੀ ਸੀ ਕਿ ਸਿੱਧੂ ਦਾ ਮਾਮਲਾ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ ਨੂੰ ਸੌਂਪਿਆ ਜਾਵੇ ਤਾਂ ਕਿ ਉਸਨੂੰ ਭਾਰਤ ਡਿਪੋਰਟ ਕੀਤਾ ਜਾਣ ਬਾਰੇ ਫ਼ੈਸਲਾ ਲਿਆ ਜਾ ਸਕੇ।

ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਜੇਕਰ ਫ਼ੈਡਰਲ ਅਦਾਲਤ ਕੇਸ ਦੀ ਸੁਣਵਾਈ ਨਾ ਕਰਨ ਦਾ ਫ਼ੈਸਲਾ ਕਰਦੀ ਹੈ ਤਾਂ ਦੇਸ਼ ਨਿਕਾਲੇ ਦੀ ਪ੍ਰਕਿਰਿਆ ਅੱਗੇ ਵਧੇਗੀ। ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਫ਼ੈਡਰਲ ਕੋਰਟ ਕੋਲ ਸਾਰੀਆਂ ਲਿਖ਼ਤੀ ਦਲੀਲਾਂ ਜੁਲਾਈ ਵਿੱਚ ਦਾਇਰ ਕੀਤੀਆਂ ਗਈਆਂ ਸਨ। ਗ੍ਰੀਨ ਨੇ ਕਿਹਾ ਕਿ ਭਾਵੇਂ ਉਸਨੂੰ ਅਦਾਲਤ ਵਿੱਚ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਉਹ ਸਫ਼ਲ ਵੀ ਹੋ ਜਾਂਦਾ ਹੈ, ਤਾਂ ਵੀ ਮਾਮਲਾ ਇੱਕ ਹੋਰ ਸਮੀਖਿਆ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵਾਪਸ ਭੇਜਿਆ ਜਾਵੇਗਾ।

ਸਿੱਧੂ ਨੂੰ ਕੈਨੇਡਾ ਵਿੱਚ ਰੱਖਣ ਵਿੱਚ ਮਦਦ ਲਈ ਚਲਾਏ ਗਏ ਫੰਡਰੇਜ਼ਿੰਗ ਵਿੱਚ $42,000 ਤੋਂ ਵੱਧ ਇੱਕਤਰ ਹੋ ਗਿਆ ਹੈ। ਜਸਕੀਰਤ ਸਿੱਧੂ ਦੀ ਪਤਨੀ ਤਨਵੀਰ ਮਾਨ , ਜੋ ਕਿ ਕੈਨੇਡੀਅਨ ਨਾਗਰਿਕ ਹੈ ਨੇ ਕਿਹਾ ਹੈ ਕਿ ਉਸਦੇ ਪਤੀ ਨੇ ਭਿਆਨਕ ਗ਼ਲਤੀ ਕੀਤੀ ਹੈ। ਤਨਵੀਰ ਮਾਨ ਨੇ ਕਿਹਾ ਮੈਂ ਉਮੀਦ ਕਰਦੀ ਹਾਂ ਕਿ ਅਜਿਹੇ ਲੋਕ ਹਨ ਜੋ ਇਹ ਮੰਨਦੇ ਹਨ ਕਿ ਜਸਕੀਰਤ ਨੂੰ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਸਨੂੰ ਕੈਨੇਡਾ ਰੱਖਣ ਦੀ ਮੇਰੀ ਲੜਾਈ ਵਿੱਚ ਯੋਗਦਾਨ ਪਾਉਣ ਲਈ ਤਿਆਰ ਹਨ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਪਹਿਲਾਂ ਸਿੱਧੂ ਦੇ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਕਿਹਾ ਕਿ ਪ੍ਰਕਿਰਿਆ ਵਿਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ।

ਕੈਨੇਡੀਅਨ ਪ੍ਰੈਸ