ਪੰਜਾਬ ਦੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕੋਲ ਕੋਲੇ ਨਾਲ ਲੱਦੀ ਰੇਲਗੱਡੀ ਪਹੁੰਚ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਇਹ ਕੋਲੇ ਦਾ ਪੰਜਾਬ ਪਹੁੰਚਣ ਵਾਲਾ ਪਹਿਲਾ ਰੇਲਵੇ ਰੈਕ ਹੈ। ਸੀ.ਐਮ ਮਾਨ ਨੇ ਕਿਹਾ ਕਿ ਝਾਰਖੰਡ ਤੋਂ ਕੋਲੇ ਨਾਲ ਲੱਦੀ ਰੇਲਗੱਡੀ ਰੋਪੜ ਥਰਮਲ ਪਲਾਂਟ ਪਹੁੰਚ ਗਈ ਹੈ, ਜਿਸ ਦਾ ਲਾਭ ਅੱਜ ਤੋਂ ਹੀ ਮਿਲਣਾ ਸ਼ੁਰੂ ਹੋ ਜਾਵੇਗਾ। ਅਗਲੇ 30 ਸਾਲਾਂ ਤੱਕ ਕੋਲੇ ਦੀ ਕੋਈ ਕਮੀ ਨਹੀਂ ਹੋਵੇਗੀ।
ਸੀ.ਐਮ ਮਾਨ ਨੇ ਕਿਹਾ ਕਿ ਪੰਜਾਬ ਦੀ ਕੋਲੇ ਦੀ ਖਾਣ ਝਾਰਖੰਡ ਵਿੱਚ ਮੁੜ ਸ਼ੁਰੂ ਹੋ ਗਈ ਹੈ। ਹੁਣ ਕੋਈ ਵੀ ਥਰਮਲ ਪਲਾਂਟ ਬੰਦ ਨਹੀਂ ਹੋਵੇਗਾ। ਪੰਜਾਬ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੈ ਅਤੇ ਇੱਥੇ ਬਿਜਲੀ ਇੰਨੀ ਮਹਿੰਗੀ ਨਹੀਂ ਹੋਣੀ ਚਾਹੀਦੀ। ਇਸੇ ਲਈ ਬਿਜਲੀ ਦੇ ਬਿੱਲ ਸਸਤੇ ਕਰ ਦਿੱਤੇ ਗਏ, ਜਿਸ ਕਾਰਨ 86 ਫੀਸਦੀ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ‘ਤੇ ਆ ਗਏ ਹਨ। ਇੰਨਾ ਹੀ ਨਹੀਂ ਪੀ.ਐਸ.ਪੀ.ਸੀ.ਐਲ ਨੇ ਇੱਕ ਸਾਲ ਵਿੱਚ 600 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।