ਅਮਰੀਕਾ ‘ਚ ਬਰਫੀਲੇ ਤੂਫਾਨ ਦਾ ਕਹਿਰ, ਹੁਣ ਤੱਕ 60 ਮੌਤਾਂ, ਗੱਡੀਆਂ ‘ਚੋਂ ਮਿਲ ਰਹੀਆਂ ਜੰਮੀਆਂ ਲਾਸ਼ਾਂ
ਅਮਰੀਕਾ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਕੜਾਕੇ ਦੀ ਠੰਢ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਜਿਹੇ ‘ਚ ਇਕ ਪਾਸੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਰਫ ਨਾਲ ਢੱਕੇ ਵਾਹਨਾਂ ‘ਚ ਫਰੋਜ਼ਨ ਲਾਸ਼ਾਂ ਮਿਲ ਰਹੀਆਂ ਹਨ। ਤੂਫਾਨ ਦੀ ਤਬਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਲਾਸ਼ਾਂ ਕਾਰਾਂ ਅਤੇ ਘਰਾਂ ਤੋਂ ਬਾਹਰ ਕੱਢੀਆਂ ਜਾ ਰਹੀਆਂ ਹਨ। ਇਸ ਤੂਫਾਨ ਕਾਰਨ ਕਰੀਬ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਬਫੇਲੋ ਦੇ ਨਿਊਯਾਰਕ ਸਿਟੀ ਵਿੱਚ ਹੋਈਆਂ ਹਨ।
ਸੜਕਾਂ ਬਰਫ਼ ਦੀ ਮੋਟੀ ਪਰਤ ਨਾਲ ਢੱਕੀਆਂ ਹੋਈਆਂ ਹਨ। ਇੱਥੋਂ ਤੱਕ ਕਿ ਸ਼ਹਿਰਾਂ ਦੇ ਝਰਨੇ ਵੀ ਜੰਮ ਗਏ ਹਨ। ਕੁਦਰਤ ਦੇ ਸਾਹਮਣੇ ਬੇਵੱਸ ਅਮਰੀਕਾ ਨੇ ਮੰਗਲਵਾਰ ਸਵੇਰੇ ਕਰੀਬ 4,800 ਫਲਾਈਟਾਂ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਲਾਕੇ ‘ਚ ਤਾਪਮਾਨ ਵਧਦਾ ਹੈ ਤਾਂ ਬਰਫ ਪਿਘਲਣੀ ਸ਼ੁਰੂ ਹੋ ਜਾਵੇਗੀ, ਜਿਸ ਕਾਰਨ ਹੜ੍ਹ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ।