ਬੀਤ ਜਾਣ ਵਾਲੇ ਸਾਲ ਵਾਸਤੇ ਸ਼ੁਕਰਾਨਾ ਅਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਣ ਦੇ ਉਪਰਾਲੇ ਵਜੋਂ ਕਨੇਡਾ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਓਂਟਾਰੀਓ ਖਾਲਸਾ ਦਰਬਾਰ ਵਿਖੇ ਪੂਰੇ ਦਿਨ ਦੇ ਨਾਲ ਨਾਲ ਰਾਤ ਦੇ ਸਮੇਂ ਨਵਾਂ ਸਾਲ ਚੜ੍ਹਨ ਤੱਕ ਮਹਾਨ ਕੀਰਤਨ ਦਰਬਾਰ ਸਜਾਏ ਗਏ ਜਿਨ੍ਹਾਂ ਵਿਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ, ਕਥਾਵਾਚਕ ਅਤੇ ਢਾਡੀ ਸਿੰਘਾਂ ਨੇ ਗੁਰਬਾਣੀ ਕੀਰਤਨ, ਗੁਰ ਸ਼ਬਦ ਵਿਚਾਰ ਅਤੇ ਗੁਰ ਇਤਿਹਾਸ ਸਰਵਣ ਕਰਵਾਇਆ। ਇਸ ਸਮੇਂ ਵੱਡੀ ਗਿਣਤੀ ਵਿਚ ਇਕੱਤਰ ਸੰਗਤਾਂ ਨੇ ਗੁਰਬਾਣੀ ਜਸ ਅਤੇ ਗੁਰ ਇਤਿਹਾਸ ਸਰਵਣ ਕਰਕੇ ਗੁਰੂ ਸਾਹਿਬ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ।ਸੰਗਤਾਂ ਨਵੇਂ ਵਰ੍ਹੇ ਦੀ ਆਮਦ ਨੂੰ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਯਕੀਨੀ ਬਣਾਉਣ ਲਈ ਬਹੁਤ ਹੀ ਉਤਸ਼ਾਹਤ ਸਨ। ਇਸ ਸਮੇਂ ਸੰਗਤਾਂ ਦੇ ਛਕਣ ਵਾਸਤੇ ਵਿਆਪਕ ਪੱਧਰ ਉਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਸੰਗਤਾਂ ਦੀ ਸਹੂਲਤ ਦਾ ਹਰ ਪੱਖੋਂ ਖਿਆਲ ਰੱਖਿਆ ਗਿਆ।
ਇਸ ਕੀਰਤਨ ਦਰਬਾਰ ਵਿੱਚ ਭਾਈ ਬਲਜੀਤ ਸਿੰਘ, ਭਾਈ ਰਮਨਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਭਾਰਟੇ ਵਾਲੇ, ਭਾਈ ਗੁਰਮੀਤ ਸਿੰਘ, ਭਾਈ ਤਰਲੋਕ ਸਿੰਘ, ਭਾਈ ਨਵਦੀਪ ਸਿੰਘ, ਭਾਈ ਹਰਦੀਪ ਸਿੰਘ ਦੁਪਾਲਪੁਰ ਵਾਲੇ, ਭਾਈ ਪਰਮਿੰਦਰ ਸਿੰਘ, ਭਾਈ ਭੁਪਿੰਦਰ ਸਿੰਘ ਨਾਗੋਕੇ, ਕਥਾਵਾਚਕ ਭਾਈ ਜਗਤਾਰ ਸਿੰਘ ਹੈਂਡ ਗ੍ਰੰਥੀ ਸ੍ਰੀ ਦਮਦਮਾ ਸਾਹਿਬ ਅਤੇ ਢਾਡੀ ਭਾਈ ਮਲਕੀਤ ਸਿੰਘ ਲੌਂਗੋਵਾਲ ਆਦ ਜਥਿਆਂ ਨੇ ਹਾਜ਼ਰੀ ਭਰੀ। ਸੰਗਤਾਂ ਨੂੰ ਸੰਬੋਧਨ ਕਰਦਿਆਂ ਓਂਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਨੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿੰਦਿਆਂ ਸਮੁੱਚੀ ਸੰਗਤ ਨੂੰ ਮੁਬਾਰਕਬਾਦ ਦਿੱਤੀ ਅਤੇ ਧੰਨਵਾਦ ਕੀਤਾ।
ਗੁਰਦੁਆਰਾ ਸਾਹਿਬ ਦੇ ਸਕੱਤਰ ਅਮਰੀਤ ਸਿੰਘ ਜੱਸਲ ਨੇ ਗੁਰਦੁਆਰਾ ਸਾਹਿਬ ਵਲੋਂ ਸੰਗਤਾਂ ਦੀ ਸੇਵਾ ਵਿੱਚ ਚਲਾਏ ਜਾ ਰਹੇ ਕਾਰਜਾਂ ਦਾ ਵਰਣਨ ਕੀਤਾ। ਪੰਜਾਬ ਤੋਂ ਆਏ ਹੋਏ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਸੇਵਾ ਵਿੱਚ ਹਿੱਸਾ ਲਿਆ। ਇਸ ਮੌਕੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਭੁੱਲਰ, ਖਜਾਨਚੀ ਭੁਪਿੰਦਰ ਸਿੰਘ ਬਾਠ, ਉੱਪ ਖਜਾਨਚੀ ਸਰਬਜੀਤ ਸਿੰਘ, ਚੇਅਰਮੈਨ ਬਲਜੀਤ ਸਿੰਘ ਪੰਡੋਰੀ, ਉੱਪ ਸਕੱਤਰ ਪਰਮਜੀਤ ਸਿੰਘ ਗਿੱਲ, ਡਾਇਰੈਕਟਰ ਸਰਦਾਰਾ ਸਿੰਘ, ਜਸਵਿੰਦਰ ਸਿੰਘ, ਮਨੋਹਰ ਸਿੰਘ ਆਦ ਵੀ ਹਾਜ਼ਰ ਸਨ।