17 ਸਾਲ ਬਾਅਦ ਜੇਲ ’ਚੋਂ ਰਿਹਾਅ ਹੋਣ ’ਤੇ ਵਿਅਕਤੀ ਨੂੰ ਮਿਲਿਆ 8 ਕਰੋੜ ਰੁਪਏ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ 17 ਸਾਲ ਜੇਲ੍ਹ ਵਿੱਚ ਬਿਤਾਏ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ 8 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਕਿਉਂਕਿ ਜਾਂਚ ਵਿਚ ਪਤਾ ਲੱਗਾ ਕਿ ਜਿਸ ਅਪਰਾਧ ਲਈ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ, ਉਸ ਨੇ ਉਹ ਅਪਰਾਧ ਕੀਤਾ ਹੀ ਨਹੀਂ ਸੀ। ਅਪਰਾਧ ਦਾ ਦੋਸ਼ੀ ਉਸਦੀ ਦਿੱਖ ਵਰਗਾ ਸੀ। ਦਿੱਖ ਕਾਰਨ ਦੋਸ਼ੀ ਦੀ ਪਛਾਣ ਕਰਨ ਵਿੱਚ ਗ਼ਲਤੀ ਹੋ ਗਈ, ਜਿਸ ਕਾਰਨ ਬੇਕਸੂਰ ਨੂੰ ਸਜ਼ਾ ਭੁਗਤਣੀ ਪਈ।
ਜਾਣਕਾਰੀ ਮੁਤਾਬਿਕ 1999 ‘ਚ ਰਿੱਕੀ ਅਮੋਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਸਦਾ ਚਿਹਰਾ ਰਿਚਰਡ ਵਰਗਾ ਸੀ। ਮੌਕੇ ‘ਤੇ ਸਬੂਤਾਂ ਦੀ ਘਾਟ ਕਾਰਨ ਪੁਲਸ ਨੇ ਅਸਲ ਦੋਸ਼ੀ ਦੀ ਪਛਾਣ ਕਰਨ ਵਿੱਚ ਗ਼ਲਤੀ ਕੀਤੀ। ਜੇਲ੍ਹ ਜਾਣ ਤੋਂ ਬਾਅਦ ਰਿਚਰਡ ਨੇ ਕਈ ਵਾਰ ਅਪੀਲ ਕੀਤੀ ਪਰ ਇਹ ਸਾਬਤ ਨਹੀਂ ਕਰ ਸਕਿਆ ਕਿ ਅਪਰਾਧ ਉਸ ਨੇ ਨਹੀਂ ਸਗੋਂ ਰਿਕੀ ਅਮੋਸ ਨੇ ਕੀਤਾ ਸੀ।ਇਸ ਦੌਰਾਨ ਮਿਡਵੈਸਟ ਇਨੋਸੈਂਸ ਪ੍ਰੋਜੈਕਟ ਅਤੇ ਯੂਨੀਵਰਸਿਟੀ ਆਫ ਕੰਸਾਸ ਸਕੂਲ ਆਫ ਲਾਅ ਨੇ ਰਿਚਰਡ ਦੇ ਕੇਸ ਦੀ ਜਾਂਚ ਕੀਤੀ।
ਇਸ ਜਾਂਚ ਜ਼ਰੀਏ ਉਹਨਾਂ ਨੂੰ ਪਤਾ ਲੱਗਾ ਕਿ ਰਿਚਰਡ ਦਾ ਹਮਸ਼ਕਲ ਰਿਕੀ ਵੀ ਉਸੇ ਜੇਲ੍ਹ ਵਿੱਚ ਕੈਦ ਸੀ। ਦੂਜੇ ਕੇਸ ਵਿੱਚ ਰਿੱਕੀ ਜੇਲ੍ਹ ਗਿਆ ਸੀ। ਇਹ ਪਤਾ ਲੱਗਣ ਤੋਂ ਬਾਅਦ ਲੁੱਟ ਦਾ ਸ਼ਿਕਾਰ ਹੋਏ ਅਤੇ ਚਸ਼ਮਦੀਦ ਗਵਾਹ ਰਿੱਕੀ ਅਤੇ ਅਮੋਸ ਰਿਚਰਡ ਦੇ ਆਹਮੋ-ਸਾਹਮਣੇ ਹੋ ਗਏ। ਦੋਵਾਂ ਦੀ ਦਿੱਖ ਇੰਨੀ ਮਿਲਦੀ-ਜੁਲਦੀ ਸੀ ਕਿ ਲੋਕ ਹੈਰਾਨ ਰਹਿ ਗਏ।

ਇਸ ਤਰ੍ਹਾਂ ਰਿਚਰਡ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਨੂੰ ਬੇਕਸੂਰ ਕਰਾਰ ਦਿੱਤਾ ਗਿਆ। 2017 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਰਿਚਰਡ ਨੂੰ 8 ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ ਸਨ।