ਕੈਨੇਡਾ ‘ਚ ਹਰ ਸਾਲ ਫ਼ਰਵਰੀ ਮਹੀਨਾ ਸਿਆਹਫ਼ਾਮ ਲੋਕਾਂ ਨੂੰ ਹੁੰਦਾ ਹੈ ਸਮਰਪਿਤ
ਫ਼ਰਵਰੀ ਮਹੀਨੇ ਨੂੰ ਕੈਨੇਡਾ ਵਿਚ ਬਲੈਕ ਹਿਸਟਰੀ ਮੰਥ ਵੱਜੋਂ ਮਨਾਇਆ ਜਾਂਦਾ ਹੈ। ਬਲੈਕ ਭਾਈਚਾਰੇ ਦੀ ਵਿਰਾਸਤ ਅਤੇ ਕੈਨੇਡਾ ਵਿਚ ਇਸਦੀਂ ਹੋਂਦ ਦਾ ਜਸ਼ਨ ਮਨਾਉਣ ਲਈ ਬਲੈਕ ਹਿਸਟਰੀ ਮੰਥ ਦੀ ਸ਼ੁਰੂਆਤ ਕੀਤੀ ਗਈ ਸੀ।ਕੈਨੇਡੀਅਨ ਐਮਪੀ ਯੌਂ ਔਗਸਟੀਨ ਨੇ ਪਾਰਲੀਮੈਂਟ ਵਿਚ 1995 ਵਿਚ ਬਲੈਕ ਹਿਸਟਰੀ ਨੂੰ ਸਨਮਾਨਿਤ ਕਰਨ ਬਾਬਤ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਮੋਸ਼ਨ ਨੂੰ ਸਰਬਸੰਮਤੀ ਨਾਲ ਮੰਜ਼ੂਰੀ ਮਿਲੀ ਸੀ। ਪਰ ਉੱਤਰੀ ਅਮਰੀਕਾ ਵਿਚ ਬਲੈਕ ਭਾਈਚਾਰੇ ਦੇ ਇਤਿਹਾਸ ‘ਤੇ ਰੌਸ਼ਨੀ ਪਾਉਣ ਦਾ ਸਿਲਸਿਲਾ ਯੂ ਐਸ ਵਿਚ ਸ਼ੁਰੂ ਹੋਇਆ ਸੀ। ਬਲੈਕ ਲੋਕਾਂ ਦੀ ਗੁਲਾਮੀ ਦੀ ਪ੍ਰਥਾ ਦੇ ਖ਼ਾਤਮੇ ਵਿਚ ਅਹਿਮ ਯੋਗਦਾਨ ਦੇ ਸਬੰਧ ਵਿਚ,1926 ਵਿਚ ਕਾਰਟਰ ਜੀ ਵੁੱਡਸਨ ਨੇ ਅਬਰਾਹਮ ਲਿੰਕਨ ਅਤੇ ਫ਼੍ਰੈਡਰਿਕ ਡਗਲਸ ਦੇ ਸਨਮਾਨ ਵਿਚ ‘ਨਿਗਰੋ ਹਿਸਟਰੀ ਵੀਕ’ ਦੀ ਸਥਾਪਨਾ ਕੀਤੀ ਸੀ। ਇਹਨਾਂ ਦੋਵਾਂ ਸ਼ਖ਼ਸੀਅਤਾਂ ਦੇ ਜਨਮਦਿਨ ਫ਼ਰਵਰੀ ਵਿਚ ਹੀ ਆਉਂਦੇ ਹਨ।
16 ਵੀਂ ਤੋਂ 19 ਵੀਂ ਸਦੀ ਦੇ ਦੌਰਾਨ ਬ੍ਰਿਟਿਸ਼ ਰਾਜ ਵਿਚ ਗ਼ੁਲਾਮਾਂ ਦਾ ਵਪਾਰ ਕੀਤਾ ਜਾਂਦਾ ਸੀ। ਇਸ ਦੌਰਾਨ ਅਫ਼੍ਰੀਕੀ ਦੇਸ਼ਾਂ ਤੋਂ ਲੋਕਾਂ ਨੂੰ ਗ਼ੁਲਾਮ ਬਣਾਕੇ ਉੱਤਰੀ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵਿਚ ਵੇਚਿਆ ਜਾਂਦਾ ਸੀ। ਗੁਲਾਮ ਪ੍ਰਥਾ ਕੈਨੇਡਾ ਅਤੇ ਅਮਰੀਕਾ ਵਿਚ ਕਈ ਨਸਲਾਂ ਲਈ ਤਬਾਹਕੁੰਨ ਰਹੀ। ਗ਼ੁਲਾਮਾਂ ਦੀ ਆਜ਼ਾਦੀ ਅਤੇ ਕੁਝ ਗ਼ੁਲਾਮਾਂ ਦੀ ਅਫ਼ਰੀਕਾ ਨੂੰ ਵਾਪਸੀ ਵਿਚ ਕੈਨੇਡਾ ਨੇ ਅਹਿਮ ਭੂਮਿਕਾ ਨਿਭਾਈ ਹੈ, ਪਰ ਉਹਨਾਂ ਵਿਚੋਂ ਬਹੁਤ ਸਾਰੇ ਲੋਕਾਂ ਦੀ ਜੜ੍ਹਾਂ ਕੈਨੇਡਾ ਦੀ ਸਰਜ਼ਮੀਨ ਵਿਚ ਹੀ ਪੱਕੀਆਂ ਹੋ ਗਈਆਂ ਸਨ। 19ਵੀਂ ਸਦੀ ਦੀ ਸ਼ੁਰੂਆਤ ਵਿਚ ਬ੍ਰਿਟਿਸ਼ ਰਾਜ ਵਿਚ ਗ਼ੁਲਾਮੀ ਦੀ ਪ੍ਰਥਾ ਖ਼ਤਮ ਕੀਤੀ ਗਈ ਸੀ। ਯੂ ਐਸ ਵਿਚ ਬਲੈਕ ਹਿਸਟਰੀ ਦੇ ਵਿਕਾਸ ਤੋਂ ਬਾਅਦ, ਕੈਨੇਡੀਅਨ ਰੇਲਵੇ ਪੋਰਟਰ – ਜਿਹਨਾਂ ਵਿਚ ਜ਼ਿਆਦਤਰ ਬਲੈਕ ਲੋਕ ਸਨ – ਦੇ ਜ਼ਰੀਏ ਬਲੈਕ ਭਾਈਚਾਰਿਆਂ ਦੀ ਕਹਾਣੀਆਂ ਅਤੇ ਵਿਰਾਸਤ ਕੈਨੇਡਾ ਪਹੁੰਚੀ। 1950 ਵਿਚ ਟੋਰੌਂਟੋ ਦੀ ਕੈਨੇਡੀਅਨ ਨਿਗਰੋ ਵੁਮਨ ਅਸੋਸੀਏਸ਼ਨ ਨੇ ਬਲੈਕ ਹਿਸਟਰੀ ਸਮਾਗਮਾਂ ਦੀ ਸ਼ੁਰੂਆਤ ਕੀਤੀ। 1978 ਵਿਚ ਓਨਟੇਰਿਓ ਬਲੈਕ ਹਿਸਟਰੀ ਸੁਸਾਇਟੀ ਦੀ ਸਥਾਪਨਾ ਹੋਈ ਅਤੇ 1979 ਵਿਚ ਅਸੋਸੀਏਸ਼ਨ ਨੇ ਸਿਟੀ ਔਫ਼ ਟੋਰੌਂਟੋ ਨੂੰ ਫ਼ਰਵਰੀ ਮਹੀਨੇ ਨੂੰ ਬਲੈਕ ਹਿਸਟਰੀ ਮੰਥ ਵੱਜੋਂ ਮਨਾਏ ਜਾਣ ਦੀ ਪਟੀਸ਼ਨ ਪਾਈ, ਜਿਸ ਨੂੰ ਮੰਜ਼ੂਰ ਕਰ ਲਿਆ ਗਿਆ। 1980 ਵਿਚ ਇਹ ਸਿਲਸਿਲਾ ਰਾਸ਼ਟਰੀ ਪੱਧਰ ‘ਤੇ ਸ਼ੁਰੂ ਕੀਤੇ ਜਾਣ ਦੀ ਮੰਗ ਵੀ ਉਠਣ ਲੱਗ ਪਈ ਅਤੇ ਹਰ ਬੀਤਦੇ ਸਾਲ ਦੇ ਨਾਲ ਕੈਨੇਡੀਅਨ ਲੋਕ ਸਿਆਹਫਾਮ ਲੋਕਾਂ ਦੇ ਇਤਿਹਾਸ ਦੀਆਂ ਅਣਗਿਣਤ ਕਹਾਣੀਆਂ ਤੋਂ ਜਾਣੂ ਹੁੰਦੇ ਗਏ।
Black Canadians have made immeasurable contributions that continue to shape our country each and every day. This #BlackHistoryMonth, let’s listen to and actively share the stories Black communities have to tell. https://t.co/5xkskZd8HV
— Prime Minister of Canada (@CanadianPM) February 1, 2023
(ਸੀਬੀਸੀ ਨਿਊਜ਼)