GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ‘ਚ ਕਾਰ ਚੋਰੀਆਂ ‘ਚ ਵਾਧੇ ਦੇ ਮੱਦੇਨਜ਼ਰ ਮੇਅਰ ਪੈਟ੍ਰਿਕ ਬ੍ਰਾਊਨ ਨੇ ਲਿਆਂਦਾ ਪ੍ਰਸਤਾਵ

ਬਰੈਂਪਟਨ ‘ਚ ਕਾਰ ਚੋਰੀਆਂ ‘ਚ ਵਾਧੇ ਦੇ ਮੱਦੇਨਜ਼ਰ ਮੇਅਰ ਪੈਟ੍ਰਿਕ ਬ੍ਰਾਊਨ ਨੇ ਲਿਆਂਦਾ ਪ੍ਰਸਤਾਵ
Share this post via:

ਬਰੈਂਪਟਨ ਵਿਚ ਕਾਰ ਚੋਰੀ ਦੀਆਂ ਘਟਨਾਵਾਂ ਵਿਚ ਵਾਧੇ ਦੇ ਮੱਦੇਨਜ਼ਰ ਬਰੈਂਪਟਨ ਵਿਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਜਲਦੀ ਹੀ ਅਜਿਹੇ ਸਿਗਨਲ ਰੋਕਣ ਵਾਲੇ ਚਾਬੀ ਕਵਰ ਦਿੱਤੇ ਜਾ ਸਕਦੇ ਹਨ, ਜਿਹੜੇ ਉਹਨਾਂ ਦੀਆਂ ਕਾਰਾਂ ਨੂੰ ਚੋਰੀ ਹੋਣ ਤੋਂ ਬਚਾਅ ਸਕਦੇ ਹਨ। ਮੇਅਰ ਪੈਟਰਿਕ ਬ੍ਰਾਊਨ ਵੱਲੋਂ ਅਜਿਹਾ ਹੀ ਇੱਕ ਪ੍ਰਸਤਾਵ ਲਿਆਂਦਾ ਗਿਆ ਹੈ। ਸਿਟੀ ਵੱਲੋਂ ਕਾਰ ਮਾਲਕਾਂ ਨੂੰ ਮੁਫ਼ਤ ਵਿਚ ਫ਼ੈਰਡੇ ਬੈਗ ਯਾਨੀ ਵਿਸ਼ੇਸ਼ ਚਾਬੀ ਕਵਰ ਦਿੱਤੇ ਜਾਣਗੇ। ਬਰੈਂਪਟਨ ਦੇ ਪੰਜ ਇਲਾਕਿਆਂ ਵਿਚ ਰਹਿਣ ਵਾਲੇ ਕਾਰ ਮਾਲਕਾਂ ਨੂੰ ਇਹ ਖ਼ਾਸ ਕਵਰ ਉਪਲਬਧ ਕਰਵਾਏ ਜਾ ਸਕਦੇ ਹਨ। ਫ਼ੈਰਾਡੇ ਬੈਗ ਸਿਗਨਲ ਰੋਕਣ ਲਈ ਤਿਆਰ ਕੀਤਾ ਇੱਕ ਪਾਊਚ ਹੁੰਦਾ ਹੈ, ਜਿਸ ਨਾਲ ਰੇਡੀਓ ਤਰੰਗਾਂ ਨੂੰ ਹੈਕ ਕਰਕੇ ਹੋਣ ਵਾਲੀ ਕਾਰਾਂ ਦੀ ਚੋਰੀ ਰੋਕੀ ਜਾ ਸਕਦੀ ਹੈ। ਚੋਰਾਂ ਦੁਆਰਾ ਜ਼ਿਆਦਾਤਰ ਉਹਨਾਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਕਿ ਚਾਬੀ ਤੋਂ ਬਿਨ੍ਹਾਂ ਪੁਸ਼ ਬਟਨ ਰਾਹੀਂ ਸਟਾਰਟ ਹੁੰਦੀਆਂ ਹਨ। ਇਹਨਾਂ ਕਾਰਾਂ ਵਿੱਚ ਅਜਿਹਾ ਸਿਸਟਮ ਹੁੰਦਾ ਹੈ ਕਿ ਕਾਰ ਚਾਬੀ ਲਗਾਏ ਬਿਨ੍ਹਾਂ ਹੀ ਸਿਗਨਲ ਰਾਹੀਂ ਸਟਾਰਟ ਹੁੰਦੀ ਹੈ। ਚੋਰ ਆਪਣੇ ਟਰਾਂਸਮੀਟਰ ਰਾਹੀਂ ਘਰ ਦੇ ਵਿੱਚ ਪਏ ਕਾਰ ਦੇ ਫੌਬ ਨੂੰ ਸਿਗਨਲ ਭੇਜਦੇ ਹਨ ਜਿਸਤੋਂ ਕਾਰ ਦੇ ਇੰਜਣ ਨੂੰ ਇਹ ਸਿਗਨਲ ਮਿਲਦਾ ਹੈ ਕਿ ਤੁਸੀਂ ਕਾਰ ਦੇ ਨਜ਼ਦੀਕ ਜਾਂ ਵਿਚ ਹੋ ਅਤੇ ਚੋਰ ਅਸਾਨੀ ਨਾਲ ਕਾਰ ਨੂੰ ਸਟਾਰਟ ਕਰਕੇ ਰਫ਼ੂਚੱਕਰ ਹੋ ਜਾਂਦੇ ਹਨ। ਕਮਾਲ ਦੀ ਗੱਲ ਇਹ ਹੈ ਕਿ ਇਹ ਸਭ ਕੁਝ 60 ਸੈਕੰਡਾਂ ਵਿਚ ਹੋ ਜਾਂਦਾ ਹੈ।

ਮੇਅਰ ਬ੍ਰਾਊਨ ਨੇ ਕਿਹਾ ਕਿ ਕਾਰ ਚੋਰੀਆਂ ਕਾਰਨ ਜਿੱਥੇ ਬ੍ਰੈਂਪਟਨ ਨਿਵਾਸੀਆਂ ਦਾ ਲੱਖਾਂ ਡਾਲਰਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਦੂਸਰੇ ਪਾਸੇ ਇਹ ਘਟਨਾਵਾਂ ਸ਼ਹਿਰ ਵਿਚ ਇੰਸ਼ੋਰੈਂਸ ਮਹਿੰਗੀਆਂ ਹੋਣ ਦਾ ਵੀ ਵੱਡਾ ਕਾਰਨ ਹਨ। ਨਵਾਂ ਪ੍ਰਸਤਾਵ ਪੀਲ ਪੁਲਿਸ ਦੁਆਰਾ ਕਾਰ ਚੋਰੀਆਂ ਨਾਲ ਸਬੰਧਤ ਜਾਰੀ ਕੀਤੇ ਨਵੇਂ ਅੰਕੜਿਆਂ ਤੋਂ ਬਾਅਦ ਆਇਆ ਹੈ। ਪੁਲਿਸ ਦੇ ਅੰਕੜਿਆਂ ਅਨੁਸਾਰ 2019 ਦੀ ਤੁਲਨਾ ਵਿਚ ਪਿਛਲੇ ਸਾਲ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ 92 ਪ੍ਰਤੀਸ਼ਤ ਵਾਧਾ ਹੋਇਆ ਹੈ। 2019 ਵਿਚ 3,119 ਕਾਰਾਂ ਚੋਰੀ ਹੋਈਆਂ ਸਨ, ਪਰ 2022 ਵਿਚ 5,811 ਕਾਰ ਚੋਰੀ ਦੀਆਂ ਰਿਪੋਰਟਾਂ ਦਰਜ ਹੋਈਆਂ। ਉਕਤ ਪ੍ਰਸਤਾਵ ਬੁੱਧਵਾਰ ਨੂੰ ਸਿਟੀ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਜੇਕਰ ਇਹ ਪਾਸ ਹੋ ਜਾਂਦਾ ਹੈ, ਤਾਂ ਅਗਲੇ ਹਫ਼ਤੇ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਇਸਦੀ ਪੁਸ਼ਟੀ ਕੀਤੀ ਜਾਵੇਗੀ।